ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ: ਸੂਬੇ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ `ਗੁਰੂ ਨਾਨਕ ਦੇਵ ਆਡੀਟੋਰੀਅਮ` ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ ਪੰਜਾਬ ਰਾਜ ਭਵਨ ਵਿੱਚ ਬਣਾਇਆ ਇਹ ਅਤਿ-ਆਧੁਨਿਕ ਬਹੁ-ਮੰਤਵੀ ਆਡੀਟੋਰੀਅਮ ਨਵੀਨਤਮ ਤਕਨੀਕ ਨਾਲ ਲੈਸ ਹੈ, ਜਿਸ ਨਾਲ ਕਈ ਉੱਚ ਪੱਧਰੀ ਸਮਾਗਮਾਂ ਦਾ ਆਯੋਜਨ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਰੱਖਣਾ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਰਵ ਵਿਆਪਕ ਭਾਈਚਾਰਾ ਦੇ ਸੰਕਲਪ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਸਿਧਾਂਤ ਸਮੇਂ ਤੋਂ ਪਰੇ ਹਨ ਜੋ ਲਗਾਤਾਰ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਨਾਮ ਪੰਜਾਬ ਰਾਜ ਭਵਨ ਵਿਖੇ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਨਿਰਸਵਾਰਥ ਸੇਵਾ ਕਰਨ, ਇਮਾਨਦਾਰ ਹੋਣ ਅਤੇ ਮਨੁੱਖਤਾ ਦੇ ਭਲੇ ਲਈ ਸਮਾਜਿਕ ਨਿਆਂ ਲਈ ਯਤਨ ਕਰਨ ਵਾਸਤੇ ਨਿਰੰਤਰ ਪ੍ਰੇਰਿਤ ਕਰਦਾ ਰਹੇਗਾ। ਜਿ਼ਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਮੌਕੇ ਅਕਤੂਬਰ 2019 ਵਿੱਚ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਆਡੀਟੋਰੀਅਮ ਦਾ ਨਿਰਮਾਣ ਲਗਭਗ 48000 ਵਰਗ ਫੁੱਟ ਖੇਤਰ ਵਿੱਚ ਕੀਤਾ ਗਿਆ ਹੈ ਅਤੇ ਇਸ ਵਿੱਚ ਇੱਕ ਸਮੇਂ ਵਿੱਚ ਲਗਭਗ 500 ਲੋਕ ਠਹਿਰ ਸਕਦੇ ਹਨ।ਉਦਘਾਟਨੀ ਸਮਾਰੋਹ ਵਿੱਚ ਸੰਤ ਤੇਜਾ ਸਿੰਘ, ਸੰਤ ਕਸ਼ਮੀਰਾ ਸਿੰਘ (ਭੂਰੀ ਸਾਹਿਬ), ਬਾਬਾ ਬੰਤਾ ਸਿੰਘ , ਸੰਤ ਆਤਮਾ ਰਾਮ, ਮਾਤਾ ਵਿਪਨਪ੍ਰੀਤ ਕੌਰ ਅਤੇ ਜਥੇ ਵੱਲੋਂ ਅਖੰਡ ਪਾਠ ਅਤੇ ਕੀਰਤਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬਾਬਾ ਬੰਤਾ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇੱਕ ਸੰਸਥਾ ਦੀ ਸਥਾਪਨਾ ਕਰਨਾ ਇੱਕ ਨਵੇਕਲੀ ਪਹਿਲ ਹੈ ਅਤੇ ਇਸਦੀ ਤਹਿ-ਦਿਲੋਂ ਸਰਾਹਨਾ ਕੀਤੀ ਜਾਂਦੀ ਹੈ। ਇਸ ਮੌਕੇ ਸੰਤ ਤੇਜਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਸਿਧਾਂਤਾਂ ਵਿਸ਼ੇਸ਼ ਕਰਕੇ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜਪੋ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਜਾਬ ਰਾਜ ਭਵਨ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਗਰ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਸ੍ਰੀਮਤੀ ਸਰਬਜੀਤ ਕੌਰ, ਸ਼ਹਿਰ ਦੇ ਕੌਂਸਲਰ , ਪ੍ਰਸ਼ਾਸਕ ਅਡਵਾਈਜ਼ਰੀ ਕੌਂਸਲ ਦੇ ਮੈਂਬਰ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ.ਐਮ ਬਾਲਾਮੁਰੂਗਨ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Share the post "ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਰਾਜ ਭਵਨ ਵਿਖੇ ‘ਗੁਰੂ ਨਾਨਕ ਦੇਵ ਆਡੀਟੋਰੀਅਮ’ ਦਾ ਉਦਘਾਟਨ"