ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਨੇ ਉਹਨਾਂ ਕਿਸਾਨਾਂ ਲਈ ਵੀ 25 ਹਜ਼ਾਰ ਰੁਪਏ ਪ੍ਰਤੀ ਏਕੜ ਐਡਵਾਂਸ ਮੁਆਵਜ਼ੇ ਦੀ ਮੰਗ ਕੀਤੀ ਜਿਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਗਿਰਦਾਵਰੀ ਕਰਵਾਈ ਜਾਵੇ।ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ’ਤੇ ਅਫਸੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ, ਰੋਪੜ, ਆਨੰਦਪੁਰ ਸਾਹਿਬ, ਪ?ਟਿਆਲਾ, ਸੰਗਰੂਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਤੋਂ ਵੱਡੇ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹਜ਼ਾਰਾਂ ਏਕੜ ਵਿਚ ਫਸਲ ਵੀ ਡੁੱਬ ਗਈ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਲਾਈ ਝੋਨੇ ਦੀ ਫਸਲ ਅਤੇ ਸਬਜ਼ੀਆਂ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆਹੈ। ਉਹਨਾਂ ਕਿਹਾ ਕਿ ਮੁਹਾਲੀ, ਰੋਪੜ ਤੇ ਆਨੰਦਪੁਰ ਸਾਹਿਬ ਵਿਚ ਘਰਾਂ ਵਿਚ ਪਾਣੀ ਵੜ੍ਹਨ ਕਾਰਨ ਸੈਂਕੜੇ ਲੋਕਾਂ ਨੂੰ ਰਾਤਾਂ ਸੜਕਾਂ ’ਤੇ ਗੁਜਾਰਨੀਆਂ ਪੈ ਰਹੀਆਂ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਸੜਕਾਂ ’ਤੇ ਠਹਿਰੇ ਲੋਕਾਂ ਨੂੰ ਲੰਗਰ ਪ੍ਰਦਾਨ ਕਰ ਕੇ ਚੰਗਾ ਕਾਰਜ ਕੀਤਾ ਹੈ ਪਰ ਹਾਲੇ ਤੱਕ ਸਿਵਲ ਪ੍ਰਸ਼ਾਸਨ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਸ: ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਇਹਨਾਂ ਹਾਲਾਤਾਂ ਨੂੰ ਕੁਦਰਤੀ ਆਫਤ ਐਲਾਨਣ ਦੀ ਮੰਗ ਕਰਨੀ ਚਾਹੀਦੀ ਹੈ ਜਿਸਦੀ ਬਦੌਲਤ ਕੌਮੀ ਆਫਤ ਪ੍ਰਬੰਧਨ ਫੰਡ ਵਿਚੋਂ ਇਹ ਫੰਡ ਹਾਸਲ ਕਰ ਸਕੇ।ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਵਾਸਤੇ ਕੋਈ ਐਮਰਜੰਸੀ ਨੰਬਰ ਜਾਰੀ ਨਹੀਂ ਕੀਤੇ ਗਏ ਜੋ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ।ਉਹਨਾਂ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਤ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਭੇਜਣ ਦਾ ਪ੍ਰਬੰਧਨ ਕੀਤਾ ਜਾਵੇ ਅਤੇ ਨਾਲ ਹੀ ਬਿਮਾਰੀ ਦੇ ਪਸਾਰ ਨੂੰ ਰੋਕਣ ਵਾਸਤੇ ਮੈਡੀਕਲ ਟੀਮਾਂ ਲਗਾਈਆਂ ਜਾਣ।ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਵੱਲੋਂ ਢੁਕਵੀਂਆਂ ਡਰੇਨੇਜ ਸਹੂਲਤਾਂ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਕਿੰਨਾ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਹਨਾਂ ਨੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਫਲੱਡ ਕੰਟਰੋਲ ਰੂਮ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤੇ ਹੈਲਪ ਲਾਈਨਾਂ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਤੁਰੰਤ ਐਮਰਜੰਸੀ ਦੇ ਹਾਲਾਤਾਂ ਵਿਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ। ਸ: ਬਾਦਲ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਲੰਗਰ ਸੇਵਾ ਆਰੰਭ ਕੀਤੀ ਹੈ, ਉਥੇ ਹੀ ਯੂਥ ਅਕਾਲੀ ਦਲ ਨੂੰ ਮੁਸੀਬਤ ਮਾਰੇ ਲੋਕਾਂ ਦੀ ਤੁਰੰਤ ਮਦਦ ਕਰਨ ਵਾਸਤੇ ਆਖਿਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਕਜਰ ਪਹਿਲਾਂ ਹੀ ਹੜ੍ਹ ਮਾਰੇ ਇਲਾਕਿਆਂ ਵਿਚ ਹਨ ਤੇ ਉਹਨਾਂ ਅਕਾਲੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਮੁਸੀਬਤ ਮਾਰੇ ਲੋਕਾਂ ਦੀ ਮਦਦ ਵਾਸਤੇ ਨਿਤਰਣ।
Share the post "ਬਰਸਾਤਾਂ ਅਤੇ ਹੜ੍ਹਾਂ ਨਾਲ ਤਬਾਹ ਹੋਏ ਘਰਾਂ ਦੇ ਮਾਲਕਾਂ ਨੂੰ 5-5 ਲੱਖ ਅਤੇ ਫਸਲਾਂ ਦੇ ਨੁਕਸਾਨ ਲਈ 25 ਹਜ਼ਾਰ ਰੁਪਏ ਐਡਵਾਂਸ ਮੁਆਵਜ਼ਾ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ"