ਦਿਹਾਤੀ ’ਚ ਮਨਜੀਤ ਬੁਲਾਡੇਵਾਲਾ, ਮੋੜ ਦੇ ਸੁਖਦੀਪ, ਰਾਮਾ ਮੰਡੀ ਦਾ ਦਰਸ਼ਨ ਸੰਧੂ ਤੇ ਤਲਵੰਡੀ ਸਾਬੋ ਦੀ ਕਮਾਂਡ ਕ੍ਰਿਸ਼ਨ ਭਾਗੀਵਾਂਦਰ ਹਵਾਲੈ
ਸੁਖਜਿੰਦਰ ਮਾਨ
ਬਠਿੰਡਾ , 23 ਜੁਲਾਈ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਲਾਕ ਪੱਧਰ ’ਤੇ ਅਪਣੀ ਨਵੀਂ ਟੀਮ ਦਾ ਐਲਾਨ ਕਰਦਿਆਂ ਉਤਸਾਹੀ ਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਹੈ। ਪਾਰਟੀ ਵਲੋਂ ਬਲਾਕ ਪ੍ਰਧਾਨਾਂ ਦੀ ਜਾਰੀ ਲਿਸਟ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਐਲਾਨੇ ਨਵੇਂ ਪ੍ਰਧਾਨਾਂ ਵਿਚ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਕੋਂਸਲਰ ਬਲਰਾਜ ਸਿੰਘ ਪੱਕਾ ਨੂੰ ਇਹ ਜਿੰਮੇਵਾਰੀ ਪਹਿਲੀ ਵਾਰ ਮਿਲੀ ਹੈ ਜਦੋਂਕਿ ਹਰਵਿੰਦਰ ਸਿੰਘ ਲੱਡੂ ਦੀ ਮਿਹਨਤ ਨੂੰ ਦੇਖਦਿਆਂ ਦੂਜੀ ਵਾਰ ਬਲਾਕ ਪ੍ਰਧਾਨ ਬਣਾਇਆ ਗਿਆ ਹੈ। ਬਲਾਕ ਪ੍ਰਧਾਨ ਦੇ ਨਾਲ ਨਾਲ ਹਰਵਿੰਦਰ ਸਿੰਘ ਲੱਡੂ ਨਗਰ ਨਿਗਮ ਬਠਿੰਡਾ ਦੇ ਕੋਂਸਲਰ ਵੀ ਹਨ। ਮਹੱਤਵਪੂਰਨ ਗੱਲ ਇਹ ਵੀ ਦੱਸੀ ਜਾਣੀ ਬਣਦੀ ਹੈ ਕਿ ਸ਼ਹਿਰ ਦੇ ਡੇਢ ਦਰਜ਼ਨ ਦੇ ਕਰੀਬ ਹੋਰ ਕਾਂਗਰਸੀ ਕੋਂਸਲਰਾਂ ਨਾਲ ਮਿਲਕੇ ਦੋਨੋਂ ਨਵੇਂ ਬਣੇ ਪ੍ਰਧਾਨਾਂ ਦੁਆਰਾ ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਦੀ ਮੇਅਰ ਨੂੰ ਬਦਲਣ ਨੂੰ ਲੈ ਕੇ ਵੀ ਮੁਹਿੰਮ ਚਲਾਈ ਹੋਈ ਹੈ। ਜਦੋਂਕਿ ਉਕਤ ਮਹਿਲਾ ਮੇਅਰ ਨੂੰ ਬਰਕਰਾਰ ਰੱਖਣ ਲਈ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਵਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਪ੍ਰੰਤੂ ਇਸਦੇ ਵਿਰੁਧ ਸ਼ਹਿਰ ਦੇ ਕਾਂਗਰਸੀਆਂ ਦਾ ਕਾਫ਼ਲਾ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ’ਚ ਬਠਿੰਡਾ ਸ਼ਹਿਰੀ ਕਾਂਗਰਸ ਦੀ ਜਿੰਮੇਵਾਰ ਸ਼ਹਿਰ ਦੇ ਦੋ ਸਾਬਕਾ ਚੇਅਰਮੈਨਾਂ ਵਿਚੋਂ ਇੱਕ ਨੂੰ ਬਣਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਮੇਅਰ ਬਣੀ ਬੀਬੀ ਗੋਇਲ ਲਈ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ। ਹਾਲਾਂਕਿ ਕੁੱਝ ਅਕਾਲੀ ਪਿਛੋਕੜ ਵਾਲੇ ਕਾਂਗਰਸੀ ਕੋਂਸਲਰ ਤੇ ਜੋਜੋ ਟੀਮ ਦੇ ਮੰਨੇ ਜਾਂਦੇ ਕੁੱਝ ਹੋਰ ਕੋਂਸਲਰ ਉਕਤ ਮੇਅਰ ਨਾਲ ਚਟਾਨ ਵਾਂਗ ਖੜੇ ਦਿਖ਼ਾਈ ਦੇ ਰਹੇ ਹਨ। ਉਧਰ ਬਠਿੰਡਾ ਸ਼ਹਿਰੀ ਦੇ ਨਾਲ-ਨਾਲ ਪੰਜਾਬ ਕਾਂਗਰਸ ਵਲੋਂ ਹਲਕਾ ਤਲਵੰਡੀ ਸਾਬੋ, ਬਠਿੰਡਾ ਦਿਹਾਤੀ ਤੇ ਮੋੜ ਹਲਕੇ ’ਚ ਵੀ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਬਠਿੰਡਾ ਦਿਹਾਤੀ ਬਲਾਕ ਦੀ ਜ਼ਿੰਮੇਵਾਰੀ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਨਜਦੀਕੀ ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ ਅਤੇ ਸੰਗਤ ਬਲਾਕ ਦੀ ਪ੍ਰਧਾਨਗੀ ਚਮਕੌਰ ਸਿੰਘ ਨੂੰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੋੜ ਬਲਾਕ ਦੀ ਜਿੰਮੇਵਾਰੀ ਯੂਥ ਆਗੂ ਸੁਖਦੀਪ ਸਿੰਘ ਰਾਮਨਗਰ ਤੇ ਤਲਵੰਡੀ ਸਾਬੋ ਹਲਕੇ ਦੀ ਕਮਾਂਡ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੇ ਨਜਦੀਕੀਆਂ ਕ੍ਰਿਸ਼ਨ ਸਿੰਘ ਤੇ ਰਾਮਾ ਮੰਡੀ ਦੀ ਦਰਸਨ ਸਿੰਘ ਸੰਧੂ ਨੂੰ ਦਿੱਤੀ ਗਈ ਹੈ।
ਸ਼ਹਿਰ ਵਿਚ ਕਾਂਗਰਸ ਨੂੰ ਮਜਬੂਤ ਕਰਾਂਗੇ: ਪੱਕਾ ਤੇ ਲੱਡੂ
ਬਠਿੰਡਾ: ਉਧਰ ਪੰਜਾਬ ਕਾਂਗਰਸ ਪਾਰਟੀ ਵਲੋਂ ਵੱਡੀ ਜਿੰਮੇਵਾਰੀ ਦੇਣ ’ਤੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਉਹ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਨਗੇ।