ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ (28 ਜੂਨ) : ਸਿਵਲ ਸਰਜਨ ਮੋਗਾ ਡਾ. ਹਿਤੇਂਦਰ ਕੌਰ ਕਲੇਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸ਼ਾਕਸੀ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਢੁੱਡੀਕੇ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਮੂਹ ਮਲਟੀਪਰਪਜ ਹੈਲਥ ਕਾਮਿਆਂ ਵੱਲੋਂ ਡੇਂਗੂ ਅਤੇ ਮਲੇਰੀਆ ਬੁਖਾਰ ਸਬੰਧੀ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ । ਅੱਜ ਪਿੰਡ ਡਾਲਾ ਅਤੇ ਬੁੱਘੀਪੁਰਾ ਦੇ 152 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਇਨਸੈਕਟ ਕੁਲੈਕਟਰ ਵਪਿੰਦਰ ਸਿੰਘ ਵੱਲੋੰ ਅੱਠ ਘਰਾਂ ਵਿੱਚ ਲਾਰਵਾ ਪਾਇਆ ਗਿਆ । ਇਸ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਲਾਰਵੇ ਵਾਲੇ ਘਰਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ਹਰ ਸੁਕਰਵਾਰ ਡਰਾਈ ਡੇ ਮਨਾਉਣ ਦੀ ਸਖਤ ਹਦਾਇਤ ਕੀਤੀ ਗਈ ।
ਇਸ ਮੌਕੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਅਤੇ ਕੁਲਬੀਰ ਸਿੰਘ ਹੈਲਥ ਸੁਪਰਵਾਈਜਰ ਇਸ ਸਬੰਧੀ ਦੱਸਿਆ ਕਿ ਡੇਂਗੂ ਮਲੇਰੀਆ ਸਰਵੇਖਣ ਦੌਰਾਨ ਘਰਾਂ ਵਿੱਚ ਜਾ ਕੇ ਕੂਲਰਾਂ, ਗਮਲਿਆਂ, ਛੱਤਾਂ ਤੇ ਪਏ ਸਮਾਨ ਅਤੇ ਫਰਿਜ ਦੀਆਂ ਟਰੇਆਂ ਆਦਿ ਚੈਕ ਕੀਤੀਆਂ ਗਈਆਂ। ਕਿਸੇ ਵੀ ਥਾਂ ਪੁਰਾਣਾ ਜਮਾ ਹੋਇਆ ਪਾਣੀ ਮਿਲਣ ਤੇ ਉਸ ਵਿੱਚ ਮੱਛਰ ਦਾ ਲਾਰਵਾ ਹੋਣ ਦੀ ਜਾਂਚ ਕੀਤੀ ਜਾਂਦੀ ਹੈ, ਲਾਰਵਾ ਮਿਲਣ ਤੇ ਉਸਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਹੈ । ਬਲਾਕ ਐਜੂਕੇਟਰ ਅਤੇ ਫੀਲਡ ਸਿਹਤ ਸਟਾਫ ਵੱਲੋਂ ਸਰਵੇਖਣ ਦੌਰਾਨ ਹਰ ਘਰ ਦੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਡੇਂਗੂ ਮਲੇਰੀਆ ਬੁਖਾਰ ਤੋਂ ਰੋਕਥਾਮ ਲਈ ਲੈਕਚਰ ਅਤੇ ਪਿ੍ਰੰਟ ਮੀਟੀਅਰਲ ਨਾਲ ਜਾਗਰੂਕ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮਲੇਰੀਆ ਦੀ ਬਿਮਾਰੀ ਨੂੰ ਨਜਰਅੰਦਾਜ ਨਾ ਕਰੋ ਕਿਉਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ । ਸੋ ਬੁਖਾਰ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਵਿਖੇ ਚੈਕਅੱਪ ਕਰਵਾਉਣਾ ਚਾਹੀਦਾ ਹੈ । ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ।
ਰਣਜੀਤ ਸਿੰਘ ਹੈਲਥ ਸੁਪਰਵਾਈਜਰ ਨੇ ਆਮ ਲੋਕਾਂ ਨੂੰ ਮਲੇਰੀਆ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ । ਉਹਨਾਂ ਕਿਹਾ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਹੋਣ ਦੇ ਲੱਛਣ ਹੋ ਸਕਦੇ ਹਨ । ਚਮਕੌਰ ਸਿੰਘ ਹੈਲਥ ਸੁਪਰਵਾਈਜਰ ਨੇ ਕਿਹਾ ਕਿ ਮਲੇਰੀਆ ਬੁਖਾਰ ਤੋਂ ਬਚਣ ਲਈ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇੱਕਠਾ ਨਾ ਹੋਣ ਦਿੳ ਅਤੇ ਇਹਨਾਂ ਨੂੰ ਮਿੱਟੀ ਨਾਲ ਭਰ ਦਿੳ । ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ । ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਸੋ ਹਫਤੇ ਦੇ ਹਰ ਸ਼ੁਕਰਵਾਰ ਨੂੰ ਕੂਲਰਾਂ ਗਮਲਿਆਂ ਫਰਿਜਾਂ ਦੀਆਂ ਟਰੇਆਂ ਆਦਿ ਨੂੰ ਸਾਫ ਕਰਕੇ ਸੁਕਾਉ ।
ਬਲਾਕ ਢੁੱਡੀਕੇ ਵਿਖੇ ਕੀਤਾ ਜਾ ਰਿਹਾ ਹੈ ਘਰ ਘਰ ਡੇਂਗੂ ਮਲੇਰੀਆ ਸਰਵੇਖਣ
7 Views