ਗੈਰਕਾਨੂੰਨੀ ਢੰਗ ਨਾਲ ਤੰਬਾਕੂ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਦੇ ਕੋਟਪਾ ਐਕਟ ਤਹਿਤ ਚਾਲਾਨ ਕੱਟੇ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ ,15 ਜਨਵਰੀ : ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਵਿੱਚ ਤੰਬਾਕੂ ਵਿਰੋਧੀ ਹਫਤੇ ਦੌਰਾਨ ਤੰਬਾਕੂ ਤੋਂ ਬਚਾਉ ਲਈ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਪਬਲਿਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਕੋਟਪਾ ਐਕਟ ਤਹਿਤ ਚਾਲਾਨ ਵੀ ਕੱਟੇ ਗਏ । ਸਰਕਾਰੀ ਸਕੂਲ ਬੁੱਟਰ ਕਲਾਂ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸਿਹਤ ਸੁਪਰਵਾਈਜਰ ਕੁਲਬੀਰ ਸਿੰਘ, ਰਣਜੀਤ ਸਿੰਘ, ਸਿਹਤ ਕਰਮੀ ਨਿਸ਼ਾਨ ਸਿੰਘ, ਫਾਰਮੇਸੀ ਅਫਸਰ ਜਗਸੀਰ ਸਿੰਘ, ਰਾਜ ਕੁਮਾਰ ਸੀਨੀਅਰ ਫਾਰਮੇਸੀ ਅਫਸਰ ਅਤੇ ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ ਨੇ ਕਿਹਾ ਕਿ ਸਾਰੇ ਤੰਬਾਕੂ ਉਤਪਾਦ ਮਨੁੱਖੀ ਸਰੀਰ ਲਈ ਹਾਨੀਕਾਰਕ ਹਨ । ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਸਭ ਤੋਂ ਵੱਡਾ ਕਾਰਨ ਤੰਬਾਕੂ ਹੈ । ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ । ਉਹਨਾਂ ਕਿਹਾ ਕਿ ਜੋ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਉਸ ਲਈ ਤਾਂ ਉਸਦਾ ਧੂੰਆਂ ਖਤਰਨਾਕ ਹੈ ਹੀ ਪਰੰਤੂ ਜੋ ਸਿਗਰਟਨੋਸ਼ੀ ਨਾ ਕਰਨ ਵਾਲਾ ਵਿਅਕਤੀ ਕੋਲ ਬੈਠਾ ਹੈ ਉਸਦੇ ਲਈ ਵੀ ਉਹ ਉਨਾਂ ਹੀ ਖਤਰਨਾਕ ਹੈ । ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਿਗਰਟ ਦਾ ਧੂੰਆਂ ਬੇਹੱਦ ਖਤਰਨਾਕ ਹੈ, ਇਸ ਨਾਲ ਮਾਂ ਦੇ ਗਰਭ ਦਾ ਬੱਚਾ ਵਿਕਲਾਂਗ ਜਾਂ ਮਰਿਆ ਹੋਇਆ ਪੈਦਾ ਹੋ ਸਕਦਾ ਹੈ । ਜਿਸ ਲਈ ਕੋਟਪਾ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਜੁਰਮਾਨਾ ਕੀਤਾ ਜਾਂਦਾ ਹੈ । ਹੈਲਥ ਸੁਪਰਵਾਈਜਰ ਚਮਕੌਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਵਿ?ਦਅਕ ਸੰਸਥਾ ਦੇ ਸੌ ਮੀਟਰ ਦੇ ਘੇਰੇ ਵਿੱਚ ਤੰਬਾਕੂ ਉਤਪਾਦ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਅਤੇ ਡਿਸਪਲੇ ਕਰਨ, ਲੂਜ ਸਿਗਰਟ ਵੇਚਣ ਆਦਿ ਤੇ ਵੀ ਜੁਰਮਾਨਾ ਅਤੇ ਸਜਾ ਹੋ ਸਕਦੇ ਹਨ । ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਹਰ ਸਾਲ 55 ਲੱਖ ਲੋਕ ਤੰਬਾਕੂ ਖਾਣ ਨਾਲ ਮਰਦੇ ਹਨ । ਉਹਨਾ ਦੱਸਿਆ ਕਿ ਸਿਗਰਟ ਵਿੱਚ ਚਾਰ ਹਜਾਰ ਰਸਾਇਣਿਕ ਤੱਤ ਹੁੰਦੇ ਹਨ ਜਿਸ ਵਿੱਚ 200 ਜਹਿਰ ਵਾਲੇ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ, ਜਿਸ ਨਾਲ ਕੈਂਸਰ, ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗ, ਨਿਮੋਨੀਆ, ਦਮਾ ਰੋਗ, ਨਿਪੁੰਨਸੁਕਤਾ ਆਦਿ ਹੋ ਸਕਦੇ ਹਨ । ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਅਤੇ ਨੇ ਵਿਦਿਆਰਥੀਆਂ ਨੂੰ ਜਾਗਰੂਕਤ ਕਰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਸਿਗਰਟਨੋਸ਼ੀ ਦੀ ਲਤ ਸੌਂਕ ਨਾਲ ਅਤੇ ਦੋਸਤਾਂ ਦੀ ਟੋਲੀ ਤੋਂ ਲੱਗਦੀ ਹੈ, ਸੋ ਸਕੂਲੀ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਦੋਸਤਾਂ ਦੀ ਸੰਗਤ ਤੋਂ ਬਚਿਆ ਜਾਵੇ ਜੋ ਸਿਗਰਟਨੋਸ਼ੀ ਲਈ ਮੌਕਾ ਦਿੰਦੇ ਹਨ । ਉਹਨਾਂ ਕਿਹਾ ਕਿ ਤੰਬਾਕੂ ਨਾਲ ਕੈਂਸਰ ਹੋਣ ਤੇ ਪੂਰਾ ਜਬਾੜਾ ਹੀ ਕੱਢ ਦਿੱਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਦਾ ਚਿਹਰਾ ਬੁਰੀ ਤਰਾਂ ਕਰੂਪ ਹੋ ਜਾਂਦਾ ਹੈ । ਸੋ ਉਹਨਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹਾ ।
ਬਲਾਕ ਢੁੱਡੀਕੇ ਵਿਖੇ ਤੰਬਾਕੂ ਵਿਰੋਧੀ ਹਫਤੇ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ
32 Views