ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ: ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਆਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਸਿਹਤ ਬਲਾਕ ਨਥਾਣਾ ਅਧੀਨ ਆਉਂਦੇ ਸਿਹਤ ਕੇਂਦਰਾਂ ਉੱਪਰ ਵਿਸ਼ਵ ਕੈਂਸਰ ਦਿਵਸ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ । ਇਸ ਮੌਕੇ ਐਸਐਮਓ ਡਾ. ਸੰਦੀਪ ਸਿੰਗਲਾ ਨੇ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕੈਂਸਰ ਦਿਵਸ ਦਾ ਮਾਟੋ ‘‘ਦੇਖ ਭਾਲ ਦੇ ਪਾੜੇ ਨੂੰ ਮਿਟਾਓ ’’(ਕਲੋਜ਼ ਦਾ ਕੇਅਰ ਗੈਪ ) ਹੈ । ਡਾ. ਸਤਵਿੰਦਰ ਸਿੰਘ ਨੇ ਕਿਹਾ ਕਿ ਕੈਂਸਰ ਇੱਕ ਐਸੀ ਬਿਮਾਰੀ ਹੈ ਜਿਸ ਤੋਂ ਸਾਡੀਆਂ ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਵਿੱਚ ਸੁਧਾਰ ਲਿਆ ਕੇ ਬਚਿਆ ਜਾ ਸਕਦਾ ਹੈ। ਜੇਕਰ ਇਸ ਬਿਮਾਰੀ ਦਾ ਪਤਾ ਸ਼ੁਰੂਆਤ ਵਿੱਚ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਵਿਸ਼ੇਸ਼ ਸਹਾਇਤਾ ਵੀ ਦਿੱਤੀ ਜਾ ਰਹੀ ਹੈ।ਬਲਾਕ ਪ੍ਰਸਾਰ ਸਿੱਖਿਅਕ ਰੋਹਿਤ ਜਿੰਦਲ ਨੇ ਦੱਸਿਆ ਕਿ ਅੱਜ ਬਲਾਕ ਦੇ ਵੱਖ ਸਿਹਤ ਤੰਦਰੁਸਤੀ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਇਲਾਕੇ ਦੇ ਵੱਖ ਵੱਖ ਸਕੂਲਾਂ ਵਿੱਚ ਜਾਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਸਰ ਅਤੇ ਇਸਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਉਪਰ ਜਾ ਕੇ ਜਾਗਰੂਕ ਕੀਤਾ ਗਿਆ।
ਬਾੱਕਸ
ਰੋਹਿਤ ਜਿੰਦਲ ਨੇ ਦੱਸਿਆ ਕਿ 6 ਫ਼ਰਵਰੀ ਤੋਂ 11 ਫਰਵਰੀ ਤੱਕ ਸੀ.ਐਚ.ਸੀ. ਨਥਾਣਾ ਵਿਖੇ ਅਤੇ 13 ਫ਼ਰਵਰੀ ਤੋਂ 17 ਫ਼ਰਵਰੀ ਤੱਕ ਸੀ.ਐਚ.ਸੀ. ਭੂੱਚੋ ਮੰਡੀ ਵਿਖੇ ਬਰੈਸਟ ਕੈਂਸਰ ਸਕਰੀਨਿੰਗ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਬਤ ਬਲਾਕ ਦਾ ਫੀਲਡ ਸਟਾਫ ਪਿੰਡਾਂ ਵਿੱਚ ਔਰਤਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਇਸ ਕੈਂਪ ਦਾ ਲਾਭ ਲੈ ਸਕਣ।
ਬਲਾਕ ਨਥਾਣਾ ’ਚ ਸਿਹਤ ਵਿਭਾਗ ਵਲੋਂ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ
15 Views