ਬਾਦਲਾਂ ਨੂੰ ‘ਘਰ’ ‘ਚ ਘੇਰਣ ਲਈ ਸਿੱਧੂ ਬਣਾਉਣਗੇ ਰਾਜਾ ਵੜਿੰਗ ਨੂੰ ਮੰਤਰੀ!

0
16

ਮਨਪ੍ਰੀਤ ਬਾਦਲ ਦਾ ਮੁੜ ਮੰਤਰੀ ਬਣਨਾ ਤੈਅ, ਗੁਰਪ੍ਰੀਤ ਕਾਂਗੜ੍ਹ ਵਲੋਂ ਵੀ ਭੱਜਦੋੜ ਜਾਰੀ

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੌਮੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਜ਼ਾਰਤ ’ਚ ਸ਼ਾਮਲ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਕਤ ਤਿੰਨੇਂ ਆਗੂ ਤੇ ਖ਼ਾਸਕਰ ਸਿੱਧੂ ਤੇ ਰੰਧਾਵਾ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੀ ਸਿਆਸਤ ’ਚ ਬਾਦਲਾਂ ਵਿਰੁਧ ਸਕਤੀਸ਼ਾਲੀ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਹਨ। ਅਜਿਹੀ ਹਾਲਾਤ ’ਚ ਬਾਦਲ ਪ੍ਰਵਾਰ ਨੂੰ ਉਨ੍ਹਾਂ ਦੇ ਗੜ੍ਹ ’ਚ ਘੇਰਣ ਲਈ ਪੰਜਾਬ ਕਾਂਗਰਸ ਤੇ ਸਰਕਾਰ ਵਲੋਂ ਰਾਜਾ ਵੜਿੰਗ ਵਰਗੇ ਨੌਜਵਾਨ ਆਗੂ ਨੂੰ ਥਾਪੜਾ ਦਿੱਤਾ ਜਾ ਸਕਦਾ ਹੈ, ਜਿਹੜੇ ਮੌਜੂਦਾ ਸਮੇਂ ’ਚ ਦੱਖਣੀ ਮਾਲਵਾ ਵਿਚ ਸਭ ਤੋਂ ਵੱਡੇ ਬਾਦਲ ਵਿਰੋਧੀ ਆਗੂ ਵਜੋਂ ਚਰਚਿਤ ਹੋਏ ਹਨ। ਇੱਥੇ ਦਸਣਾ ਬਣਦਾ ਹੈ ਕਿ ਰਾਜਾ ਵੜਿੰਗ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਮੈਦਾਨ ਵਿਚ ਨਿੱਤਰੇ ਸਨ, ਜਿੱਥੇ ਉਨ੍ਹਾਂ ਤਕੜੀ ਟੱਕਰ ਦਿੱਤੀ ਸੀ ਪ੍ਰੰਤੂ ਉਹ ਕੁੱਝ ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। ਸਿਆਸੀ ਮਾਹਰਾਂ ਮੁਤਾਬਕ ਜੇਕਰ ਰਾਜਾ ਵੜਿੰਗ ਮੰਤਰੀ ਬਣਦੇ ਹਨ ਤਾਂ ਅਪਣੇ ਜੱਦੀ ਜ਼ਿਲ੍ਹੇ ਨੂੰ ਖੁੱਲਾ ਛੱਡ ਕੇ ਪੂਰੇ ਪੰਜਾਬ ’ਚ ਘੁੰਮਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਰਣਨੀਤੀ ਬਣਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸਤੋਂ ਇਲਾਵਾ ਵੜਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਜੱਦੀ ਹਲਕੇ ਗਿੱਦੜਵਹਾ ਵਿਚੋਂ ਵੀ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਕਾਂਗਰਸ ਦਾ ਕੋਈ ਨੁਮਾਇੰਦਾ ਪੰਜਾਬ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਮਲੋਟ ਹਲਕੇ ਤੋਂ ਜਿੱਤੇ ਅਜਾਇਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਜਰੂਰ ਬਣਾਇਆ ਸੀ ਪ੍ਰੰਤੂ ਮੌਜੂਦਾ ਸਮੇਂ ਮਲੋਟ ਹਲਕੇ ’ਚ ਭੱਟੀ ਤੇ ਉਨ੍ਹਾਂ ਦੇ ਪੁੱਤਰ ਵਿਰੁਧ ਉਠ ਰਹੀਆਂ ਅਵਾਜ਼ਾਂ ਕਾਰਨ ਮੁੜ ਦਾਅ ਲੱਗਣਾ ਮੁਸ਼ਕਿਲ ਜਾਪਦਾ ਹੈ ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਮੁੜ ਮੰਤਰੀ ਬਣਨੀ ਤੈਅ ਹੈ। ਚਰਚਾ ਮੁਤਾਬਕ ਉਹ ਮੁੜ ਤੋਂ ਖ਼ਜਾਨਾ ਵਿਭਾਗ ਸੰਭਾਲ ਸਕਦੇ ਹਨ। ਉਨ੍ਹਾਂ ਦੀ ਨਵਜੋਤ ਸਿੱਧੂ ਦੇ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ ਹੈ। ਇਸੇ ਤਰ੍ਹਾਂ ਫ਼ੂਲ ਹਲਕੇ ਤੋਂ ਤੀਜੀ ਵਾਰ ਵਿਧਾਇਕ ਤੇ ਕੈਪਟਨ ਵਜ਼ਾਰਤ ’ਚ ਪ੍ਰਭਾਵਸ਼ਾਲੀ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਦਾ ਰਾਹ ਰੋਕਣ ਲਈ ਕਈ ਤਾਕਤਾਂ ਕੰਮ ਕਰ ਰਹੀਆਂ ਹਨ ਪ੍ਰੰਤੂ ਉਹ ਵੀ ਮੁੜ ਸਿਆਸੀ ਤਾਕਤ ਹਾਸਲ ਕਰਨ ਲਈ ਭੱਜਦੋੜ ਕਰ ਰਹੇ ਹਨ। ਸੂਤਰਾਂ ਮੁਤਾਬਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਰਪਤ ਰਜਿੰਦਰ ਸਿੰਘ ਰੰਧਾਵਾ ਨਾਲ ਕਾਂਗੜ੍ਹ ਦੇ ਚੰਗੇ ਸਬੰਧ ਕੰਮ ਆ ਸਕਦੇ ਹਨ।

LEAVE A REPLY

Please enter your comment!
Please enter your name here