ਸੁਖਜਿੰਦਰ ਮਾਨ
ਬਾਦਲ, 4 ਮਈ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਅੱਜ ਅਸਿੱਧੇ ਢੰਗ ਨਾਲ ਮੁੜ ਬਾਦਲ ਪ੍ਰਵਾਰ ਤੇ ਪੰਥਕ ਏਕਤਾ ਦੇ ਨਾਲ-ਨਾਲ ਭਾਜਪਾ ਨਾਲ ਮੁੜ ਯਾਰੀ ਦੀ ਗੱਲ ਚੱਲੀ। ਹਾਲਾਂਕਿ ਸ: ਬਾਦਲ ਨੂੰ ਸਰਧਾਂਜਲੀ ਭੇਂਟ ਕਰਨ ਪੁੱਜੇ ਗ੍ਰਹਿ ਮੰਤਰੀ ਅਮਿਤ ਸਾਹ ਤੇ ਹੋਰਨਾਂ ਆਗੂਆਂ ਨੇ ਸਿਆਸੀ ਗੱਲਬਾਤ ਕਰਨ ਤੋਂ ਗੁਰੇਜ ਕੀਤਾ ਪ੍ਰੰਤੂ ਅਕਾਲੀ ਦਲ ਦੇ ਆਗੂਆਂ ਨੇ ਗਾਹੇ-ਬਿਗਾਹੇ ਇਸ ਮੁੱਦੇ ਨੂੰ ਛੋਹਿਆ। ਬਾਦਲ ਦੇ ਪੁਰਾਣੇ ਸਾਥੀ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਖੁੱਲ ਕੇ ਸਵਰਗੀ ਪ੍ਰਕਾਸ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਦੀ ਜੋੜੀ ਦੀ ਤਰਜ਼ ’ਤੇ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮੁੜ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸਤੋਂ ਇਲਾਵਾ ਹੋਰਨਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵਾਲੀ ਸ਼ਾਨ ਬਹਾਲ ਕਰਨ ਲਈ ਪੰਥਕ ਏਕਤਾ ਦਾ ਰਾਗ ਵੀ ਅਲਾਪਿਆ। ਜਦੋਂਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਮਿਤ ਸਾਹ ਦੇ ਸਾਹਮਣੇ ਅਕਾਲੀ-ਭਾਜਪਾ ਸਬੰਧਾਂ ਦੀ ਚਰਚਾ ਕਰਦਿਆਂ ਮਹਰੂਮ ਬਾਦਲ ਵਲੋਂ ਅਪਣੇ ਬੰਦਿਆਂ ਨੂੰ ਨਰਾਜ ਕਰਕੇ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਘਟਨਾ ਦਾ ਉਲੇਖ ਕਰਦਿਆਂ ਐਮਰਜੈਂਸੀ ਮੌਕੇ ਅਕਾਲੀ ਦਲ ਵਲੋਂ ਮੂਹਰੇ ਹੋ ਕੇ ਲੜੀ ਲੜਾਈ ਨੂੰ ਯਾਦ ਕਰਦਿਆਂ ਸੱਤਾਧਾਰੀ ਭਾਜਪਾ ਨੂੰ ਬਾਦਲ ਵਲੋਂ ਕੀਤੇ ਕੰਮਾਂ ਨੂੰ ਨਾ ਭੁੱਲਣ ਦੀ ਤਾਕੀਦ ਵੀ ਕੀਤੀ।
ਸੁਖਬੀਰ ਬਾਦਲ ਨੇ ਅਪਣੇ ਪਿਤਾ ਦੇ ਭੋਗ ਮੌਕੇ ਹੋਈਆਂ ਗਲਤੀਆਂ ਲਈ ਖਿਮਾ ਮੰਗੀ
ਬਾਦਲ: ਅਪਣੇ ਮਹਰੂਮ ਪਿਤਾ ਦੇ ਅੰਤਿਮ ਸਰਧਾਜਲੀ ਸਮਾਗਮ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੌਰਾਨ ਅਪਣੇ ਅਤੇ ਅਪਣੇ ਪ੍ਰਵਾਰ ਵਲੋਂ ਜਾਣੇ-ਅਣਜਾਣੇ ਵਿਚ ਕੀਤੀਆਂ ਗਲਤੀਆਂ ਲਈ ਸਮੂਹ ਪੰਜਾਬੀਆਂ ਤੇ ਸਿੱਖਾਂ ਤੋਂ ਖਿਮਾ ਜਾਚਨਾ ਮੰਗੀ। ਇਸ ਮੌਕੇ ਭਾਵੁਕ ਹੁੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ‘‘ ਉਹ ਪ੍ਰਕਾਸ ਸਿੰਘ ਬਾਦਲ ਨਹੀਂ ਬਣ ਸਕਦੇ, ਪਰ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਕੋਸਿਸ ਕਰਨਗੇ। ’’ ਉਨ੍ਹਾਂ ਅਪਣੇ ਸੰਬੋਧਨ ਵਿਚ ਮਹਰੂਮ ਬਾਦਲ ਸਾਹਿਬ ਨੂੂੰ ਵੱਡਾ ਦੇਸ ਭਗਤ, ਧਰਮ ਨਿਰਪੱਖ ਤੇ ਸੱਤਾ ’ਚ ਰਹਿ ਕੇ ਸਭ ਦਾ ਫ਼ਾਈਦਾ ਕਰਨ ਵਾਲੀ ਸਖ਼ਸੀਅਤ ਕਰਾਰ ਦਿੱਤਾ। ਇਸਤੋਂ ਇਲਾਵਾ ਅਪਣੇ ਪਿਤਾ ਨੂੰ ਕਿਸਾਨਾਂ ਦਾ ਮਸੀਹਾ ਤੇ ਸਭ ਤੋਂ ਵੱਡਾ ਪੰਥ ਪ੍ਰਸਤ ਵੀ ਦਸਿਆ।
ਭੋਗ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਧਾਮੀ ਨੇ ਅਮਿਤ ਸਾਹ ਅੱਗੇ ਰੱਖੀ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ
ਬਾਦਲ : ਇਸ ਦੌਰਾਨ ਭੋਗ ਸਮਾਗਮ ਮੌਕੇ ਜਦ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਪਣੇ ਭਾਸਣ ਵਿਚ ਜਿੱਥੇ ਪ੍ਰਕਾਸ ਸਿੰਘ ਬਾਦਲ ਦੀ ਤਰੀਫ਼ ਕੀਤੀ ਤੇ ਨਾਲ ਹੀ ਇਸ ਮੌਕੇ ਮੌਜੂਦ ਅਮਿਤ ਸਾਹ ਅੱਗੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਸ: ਬਾਦਲ ਦੀ ਵੀ ਇੱਛਾ ਅਪਣੀ ਸਾਰੀ ਉਮਰ ਜੇਲ੍ਹਾਂ ’ਚ ਬਿਤਾਉਣ ਵਾਲੇ ਸਿੱਖਾਂ ਨੂੰ ਰਿਹਾਅ ਕਰਵਾ ਕੇ ਘਰਾਂ ਵਿਚ ਵਾਪਸ ਲਿਆਉਣ ਦੀ ਸੀ, ਜਿਸਦੇ ਚੱਲਦੇ ਕੇਂਦਰ ਸਰਕਾਰ ਇਸ ਪ੍ਰਤੀ ਹੂੰਗਾਰਾ ਭਰੇ।
ਅਖੀਰ ਤੱਕ ਭਾਜਪਾ ਨੇ ਵੱਡੇ ਬਾਦਲ ਨਾਲ ਨਿਭਾਈ ਯਾਰੀ!
ਮੋਦੀ ਤੋਂ ਲੈ ਕੇ ਹਰ ਛੋਟੇ ਵੱਡੇ ਆਗੂ ਨੇ ਦਿੱਤੀ ਅੰਤਿਮ ਵਿਦਾਈ
ਬਾਦਲ: 1978 ’ਚ ਪਹਿਲੀ ਵਾਰ ਜਨ ਸੰਘ (ਭਾਜਪਾ ਦੇ ਪੁਰਾਣੇ ਰੂਪ) ਨਾਲ ਸ਼ੁਰੂ ਹੋਈ ‘ਯਾਰੀ’ ਨੂੰ ਭਾਜਪਾ ਆਗੂਆਂ ਨੇ ਪ੍ਰਕਾਸ ਸਿੰਘ ਬਾਦਲ ਦੇ ਨਾਲ ਆਖਰੀ ਵਕਤ ਤੱਕ ਨਿਭਾਇਆ। ਬੇਸ਼ੱਕ ਸਿਆਸੀ ਤੌਰ ’ਤੇ ਦਿੱਲੀ ’ਚ ਲੱਗੇ ਕਿਸਾਨ ਮੋਰਚੇ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਰਾਹ ਵੱਖ ਵੱਖ ਹੋ ਗਏ ਸਨ ਪ੍ਰੰਤੂ ਇਸਦੇ ਬਾਵਜੂਦ ਪੰਜਾਬ ਤੇ ਦੇਸ ’ਚ ਭਾਜਪਾ ਦੇ ਪੈਰ ਲਗਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਮਹਰੂਮ ਪ੍ਰਕਾਸ ਸਿੰਘ ਬਾਦਲ ਦੀ ਅੰਤਿਮ ਵਿਦਾਈ ਤੋਂ ਸਰਧਾਂਜਲੀ ਸਮਾਗਮ ਤੱਕ ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਸ਼ਾਮਲ ਹੋਇਆ। ਗੌਰਤਲਬ ਹੈ ਕਿ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਇਹ ਪ੍ਰਕਾਸ ਸਿੰਘ ਬਾਦਲ ਹੀ ਸਨ, ਜਿੰਨ੍ਹਾਂ ਸਹਿਯੋਗ ਲਈ ਦੂਜੇ ਦਲਾਂ ਦੀਆਂ ‘ਮਿੰਨਤਾਂ’ ਕੱਢਣ ਵਾਲੀ ਭਾਜਪਾ ਨੂੰ ਬਿਨ੍ਹਾਂ ਸਰਤ ਹਿਮਾਇਤ ਦੇ ਕੇ 13 ਦਿਨਾਂ ਲਈ ਸਭ ਤੋਂ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਸੀ। ਇਹੀਂ ਨਹੀਂ 1997 ਵਿਚ ਕਾਂਗਰਸ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਵੱਡੀ ਹਿਮਾਇਤ ਮਿਲਣ ਦੀ ਸੰਭਾਵਨਾ ਦੇ ਬਾਵਜੂਦ ਸ: ਬਾਦਲ ਨੇ ਹੀ ਇਸ ਭਗਵੀਂ ਪਾਰਟੀ ਨੂੰ ਸੂਬੇ ਦੀਆਂ 23 ਸੀਟਾਂ ਦੇ ਕੇ ਉਸਦੇ ਸਿਆਸੀ ਪੈਰ ਲਗਾਏ ਸਨ। ਪ੍ਰੰਤੂ ਇਸਦੇ ਬਾਵਜੂਦ ਇਸ ਗਠਜੋੜ ਨੂੰ ਬਚਾਈ ਰੱਖਣ ਲਈ ਪੰਜਾਬ ਦੀਆਂ ਭਖਦੀਆਂ ਮੰਗਾਂ ਨੂੰ ਅਖੀਰ ਤੱਕ ਅਣਗੋਲਿਆਂ ਕਰੀ ਰੱਖਿਆ ਤੇ ਆਖਿਰਕਾਰ ਪੂਰੇ ਉਤਰੀ ਭਾਰਤ ’ਚ ਸਭ ਤੋਂ ਵੱਡੀ ਸਿਆਸੀ ਬਣਕੇ ਉਭਰੀ ਭਾਜਪਾ ਨੇ ਸ: ਬਾਦਲ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਅਣਗੋਲਿਆ ਕਰ ਦਿੱਤਾ, ਜਿਸਦਾ ਖਮਿਆਜਾ ਅੱਜ ਪੂਰਾ ਅਕਾਲੀ ਦਲ ਭੁਗਤ ਰਿਹਾ ਹੈ।
Share the post "ਬਾਦਲ ਦੇ ਭੋਗ ਮੌਕੇ ‘ਪ੍ਰਵਾਰ ਤੇ ਪੰਥਕ ਏਕਤਾ’ ਸਹਿਤ ਭਾਜਪਾ ਨਾਲ ਮੁੜ ਚੱਲੀ ਯਾਰੀ ਦੀ ਗੱਲ"