ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ : ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਜਗਤ ਪੰਜਾਬੀ ਸਭਾ (ਕੈਨੇਡਾ) ਦੇ ਸਹਿਯੋਗ ਨਾਲ ’ਵਿਸ਼ਵ ਪੰਜਾਬੀ ਪੁਸਤਕ ਦਿਵਸ’ ਮੌਕੇ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਵਿਸ਼ੇ ’ਤੇ ਪੰਜਾਬੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਬੀ.ਏ.-ਬੀ.ਐਡ,ਬੀ.ਐਡ ਅਤੇ ਐਮ.ਏ. (ਐਜੂਕੇਸ਼ਨ) ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਸਭਾ ਦੇ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਨੇ ਮੁੱਖ ਮਹਿਮਾਨ ਵਜੋਂ ਆਨਲਾਈਨ ਸ਼ਿਰਕਤ ਕੀਤੀ । ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾ. ਅਜੈਬ ਸਿੰਘ ਚੱਠਾ ਦਾ ਨਿੱਘਾ ਸਵਾਗਤ ਕੀਤਾ। ਡਾ. ਚੱਠਾ ਨੇ ਵਿਦਿਆਰਥੀਆਂ ਨੂੰ ’ਵਿਸ਼ਵ ਪੰਜਾਬੀ ਪੁਸਤਕ ਦਿਵਸ’ ਦੀ ਵਧਾਈ ਦਿੱਤੀ ਅਤੇ ਚੰਗੇ ਸਾਹਿਤ ਨੂੰ ਪੜ੍ਹਨ ਲਈ ਪ੍ਰੇਰਿਆ। ਕਿਤਾਬਾਂ ਮਨੁੱਖੀ ਜ਼ਿੰਦਗੀ ਦਾ ਅਨਮੋਲ ਖ਼ਜ਼ਾਨਾ ਹਨ ਜਿਸ ਨੂੰ ਸਦੀਵੀ ਪੜ੍ਹਿਆ ਅਤੇ ਜਿਉਂਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਰਹਿ ਕੇ ਪੰਜਾਬੀਅਤ ਤੋਂ ਟੁੱਟਦੇ ਜਾ ਰਹੇ ਹਾਂ ਅਸੀਂ ਆਪਣੇ ਜੀਵਨ ਵਿਚ ਨੈਤਿਕ ਕਦਰਾਂ ਕੀਮਤਾਂ ਖ਼ਤਮ ਕਰ ਕੇ ਪਦਾਰਥਕ ਖਿੱਚ ਵੱਲ ਵਧਦੇ ਜਾ ਰਹੇ ਹਾਂ। ਜਿਸ ਦਾ ਪਰਿਣਾਮ ਅਸੀਂ ਪ੍ਰਵਾਸੀ ਜ਼ਿੰਦਗੀ ਵਿਚ ਦੇਖ ਰਹੇ ਹਾਂ। ਇਸ ਸਥਿਤੀ ਵਿਚ ਅਸੀਂ ਆਪਣੇ ਮੂਲ ਨਿਵਾਸ ਤੋਂ ਟੁੱਟਦੇ ਜਾ ਰਹੇ ਹਾਂ ਅਤੇ ਵਿਦੇਸ਼ਾਂ ਵਿਚ ਪੈਸੇ ਦੀ ਭਾਲ ਵਿਚ ਅਤੇ ਚੰਗੇ ਜੀਵਨ ਜਾਂਚ ਦੀ ਲਾਲਸਾ ਵਿੱਚ ਭਟਕ ਰਹੇ ਹਾਂ। ਇਸ ਸੈਮੀਨਾਰ ਦੌਰਾਨ ਡਾ. ਚੱਠਾ ਨੇ ਜਰਨਲ ਹਰਬਖ਼ਸ਼ ਸਿੰਘ ਅਤੇ ਆਦਰਸ਼ ਅਧਿਆਪਕ ਦੀ ਡਾਕੂਮੈਂਟਰੀ ਫ਼ਿਲਮ ਦਿਖਾਈ। ਅੰਤ ਵਿੱਚ ਕਾਲਜ ਦੇ ਡੀਨ ਸ. ਗੁਰਪ੍ਰੀਤ ਸਿੰਘ ਨੇ ਡਾ. ਅਜੈਬ ਸਿੰਘ ਚੱਠਾ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਕਾਲਜ਼ ਵਲੋਂ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ"