ਕਾਨਫ਼ਰੰਸ ਦੌਰਾਨ ਦੇਸ਼ ਅਤੇ ਵਿਦੇਸ਼ ਦੇ 70 ਤੋਂ ਵਧੇਰੇ ਡੈਲੀਗੇਟ ਅਤੇ ਰਿਸਰਚ ਸਕਾਲਰ ਲੈਣਗੇ ਭਾਗ
ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ’ਕੁਆਂਟਮ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ’ ਬਾਰੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਕਿਊ.ਸੀ.ਸੀ.-23’ ਦੀ ਅੱਜ ਸ਼ੁਰੂਆਤ ਹੋਈ। ਕੁਆਂਟਮ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ (ਕਿਊ.ਸੀ.ਸੀ.-23) ਬਾਰੇ ਇਸ ਕਾਨਫ਼ਰੰਸ ਦਾ ਉਦੇਸ਼ ਕੁਆਂਟਮ ਵਿਗਿਆਨ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਉਦਯੋਗਿਕ ਵਿਕਾਸ ਵਿਚਕਾਰਲੇ ਪਾੜੇ ਨੂੰ ਖ਼ਤਮ ਕਰਨਾ ਹੈ । ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ. ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਕੋਲਕਾਤਾ( ਵੈਸਟ ਬੰਗਾਲ) ਤੋਂ ਪ੍ਰੋ ਪ੍ਰਸ਼ਾਂਤਾ ਕੇ.ਪਾਨੀਗਰਾਹੀ ਅਤੇ ਧੀਰੂ ਭਾਈ ਅੰਬਾਨੀ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕੰਮਿਊਨੀਕੇਸ਼ਨ ਟੈਕਨਾਲੋਜੀ, ਗਾਂਧੀਨਗਰ (ਗੁਜਰਾਤ) ਤੋਂ ਪ੍ਰੋ .ਮਨੀਸ਼ ਕੁਮਾਰ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ, ਪ੍ਰਸਿੱਧ ਸ਼ਖ਼ਸੀਅਤਾਂ, ਵਿਗਿਆਨੀਆਂ, ਡੈਲੀਗੇਟਾਂ ਅਤੇ ਰਿਸਰਚ ਸਕਾਲਰਾਂ ਦਾ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਬੀ.ਐਫ.ਜੀ.ਆਈ. ਰਿਸਰਚ, ਸਕਿੱਲ ਡਿਵੈਲਪਮੈਂਟ ਅਤੇ ਰੁਜ਼ਗਾਰਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸੰਸਥਾ ਦੇ ਸਥਾਪਤੀ ਸਮੇਂ ਤੋਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਬਾਰੇ ਸੰਖੇਪ ਚਾਨਣਾ ਪਾਇਆ। ਮੁੱਖ ਮਹਿਮਾਨ ਪ੍ਰੋ. ਅਰਵਿੰਦ ਨੇ ਬੀ.ਐਫ.ਜੀ.ਆਈ. ਦੇ ਉੱਨਤ ਬੁਨਿਆਦੀ ਢਾਂਚੇ ਅਤੇ ਕਾਰਜ ਸਭਿਆਚਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ’ਕੁਆਂਟਮ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ’ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਪ੍ਰੋ ਪ੍ਰਸ਼ਾਂਤਾ ਕੇ.ਪਾਨੀਗਰਾਹੀ ਨੇ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਜਿਹੀ ਗਿਆਨਵਰਧਕ ਕਾਨਫ਼ਰੰਸ ਦਾ ਆਯੋਜਨ ਕਰਨ ’ਤੇ ਵਧਾਈ ਦਿੱਤੀ । ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਨੇ ਕਾਨਫ਼ਰੰਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਾਨਫ਼ਰੰਸ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।
Share the post "ਬਾਬਾ ਫ਼ਰੀਦ ਕਾਲਜ ’ਚ ‘ਕੁਆਂਟਮ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ’ ਬਾਰੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ"