ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ, ਭੋਜਨ, ਜੁੱਤੇ ਅਤੇ ਜ਼ਰੂਰਤ ਦਾ ਸਮਾਨ ਵੰਡਿਆ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ‘ਤੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਯੂਥ ਸਰਵਿਸਿਜ਼ ਬਠਿੰਡਾ ਦੇ ਸਹਿਯੋਗ ਨਾਲ ਬਠਿੰਡਾ ਵਿਖੇ ਵੱਖ-ਵੱਖ ਤਿੰਨ ਥਾਵਾਂ ‘ਤੇ ਡੋਨੇਸ਼ਨ ਕੈਂਪ ਲਗਾਇਆ ਗਿਆ। ਬਾਬਾ ਫ਼ਰੀਦ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਨਾਲ ਐਨ.ਐਸ.ਐਸ. ਵਲੰਟੀਅਰਾਂ ਨੂੰ ਇਸ ਕਾਰਜ ਲਈ ਕੈਂਪਸ ਤੋਂ ਰਵਾਨਾ ਕੀਤਾ। ਐਨ.ਐਸ.ਐਸ. ਦੀ ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਇਸ ਦੌਰੇ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਵਿਦਿਆਰਥੀਆਂ ਨੂੰ ਬੇਘਰੇ ਅਤੇ ਲੋੜਵੰਦ ਗ਼ਰੀਬ ਲੋਕਾਂ ਦੀ ਮਦਦ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ। ਸਭ ਤੋਂ ਪਹਿਲਾਂ ਵਲੰਟੀਅਰਾਂ ਨੇ ਬਠਿੰਡੇ ਤੋਂ ਕੁੱਝ ਫਲ, ਭੋਜਨ ਅਤੇ ਕੱਪੜੇ ਖ਼ਰੀਦੇ ਅਤੇ ਆਪਣੀ ਗਤੀਵਿਧੀ ਸ਼ੁਰੂ ਕੀਤੀ। ਇਸ ਗਤੀਵਿਧੀ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ‘ਤੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ, ਭੋਜਨ, ਜੁੱਤੇ ਅਤੇ ਜ਼ਰੂਰਤ ਦਾ ਸਮਾਨ ਆਦਿ ਵੰਡਣਾ ਸੀ ਅਤੇ ਉਨ੍ਹਾਂ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨਾ ਸੀ। ਇਸ ਗਤੀਵਿਧੀ ਵਿੱਚ ਕਾਲਜ ਦੇ ਲਗਭਗ 40 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਗ਼ਰੀਬ ਬਸਤੀਆਂ ਵਿੱਚ ਜਾ ਕੇ ਗ਼ਰੀਬ ਅਤੇ ਲੋੜਵੰਦ ਬੱਚਿਆਂ ਨੂੰ ਮਠਿਆਈਆਂ, ਫਲ, ਕੱਪੜੇ, ਗਰਮ ਕੰਬਲ, ਦਸਤਾਨੇ, ਜੁਰਾਬਾਂ ਆਦਿ ਜ਼ਰੂਰਤ ਦਾ ਸਮਾਨ ਵੰਡਿਆ। ਝੁੱਗੀਆਂ ਵਿੱਚ ਰਹਿ ਰਹੇ ਗ਼ਰੀਬ ਅਤੇ ਲੋੜਵੰਦ ਲੋਕ ਇਹ ਜ਼ਰੂਰਤ ਦਾ ਸਮਾਨ ਲੈ ਕੇ ਬਹੁਤ ਖ਼ੁਸ਼ ਹੋਏ । ਇਸੇ ਤਰ੍ਹਾਂ ਵਲੰਟੀਅਰਾਂ ਨੇ ਰੋਜ਼ ਗਾਰਡਨ ਪੁਲ ਦੇ ਥੱਲੇ ਅਤੇ ਕਨ੍ਹਈਆ ਚੌਕ ਦੇ ਨੇੜੇ ਰਹਿ ਰਹੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ, ਭੋਜਨ, ਜੁੱਤੇ ਅਤੇ ਜ਼ਰੂਰਤ ਦਾ ਸਮਾਨ ਵੰਡਿਆ। ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਦੱਸਿਆ ਕਿ ਬਾਬਾ ਫ਼ਰੀਦ ਕਾਲਜ ਵੱਲੋਂ ਹਮੇਸ਼ਾ ਗ਼ਰੀਬ ਲੋਕਾਂ ਦੀ ਭਲਾਈ ਲਈ ਅਹਿਮ ਕਾਰਜ ਕੀਤੇ ਜਾਂਦੇ ਹਨ। ਇਸ ਵਾਰ ਵੀ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਪੁਰਾਣੇ ਕੱਪੜੇ, ਜੁੱਤੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ ਗਈਆਂ ਹਨ। ਅੰਤ ਵਿੱਚ ਉਨ੍ਹਾਂ ਨੇ ਵਲੰਟੀਅਰਾਂ ਤੋਂ ਪ੍ਰਣ ਲਿਆ ਕਿ ਉਹ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਗੇ। ਸਮੁੱਚੇ ਵਿਦਿਆਰਥੀਆਂ ਨੇ ਸਮਾਜ ਭਲਾਈ ਦਾ ਇਹ ਕਾਰਜ ਕਰ ਕੇ ਬਹੁਤ ਖ਼ੁਸ਼ੀ ਮਹਿਸੂਸ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ‘ਡੋਨੇਸ਼ਨ ਕੈਂਪ’ ਲਗਾਇਆ
198 Views