ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਬਾਬਾ ਫ਼ਰੀਦ ਕਾਲਜ ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਮੈਨੇਜਮੈਂਟ ਵਿਭਾਗ ਵੱਲੋਂ ’ਰੋਡੀਜ਼’ (ਡਰ ਨਾਲ ਪਿਆਰ) ਸਮਾਗਮ ਕਰਵਾਇਆ ਗਿਆ। ਬਾਬਾ ਫ਼ਰੀਦ ਸਕੂਲ ਦੇ ਨਾਲ-ਨਾਲ ਬਾਹਰਲੇ ਸਕੂਲਾਂ ਦੇ 10+2 ਵਿਦਿਆਰਥੀਆਂ ਲਈ ਆਯੋਜਿਤ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰਤਿਭਾ, ਹੁਨਰ ਅਤੇ ਸ਼ਖ਼ਸੀਅਤਾਂ ਨੂੰ ਪ੍ਰਦਰਸ਼ਿਤ ਕਰਨਾ ਸੀ। ਜਿਸ ਵਿੱਚ ਤਿੰਨ ਰਾਊਂਡ ਹੋਏ। ਪਹਿਲੇ ਰਾਊਂਡ ਵਿੱਚ ਸਰੀਰਕ ਚੁਨੌਤੀ ਤਹਿਤ ਵਿਦਿਆਰਥੀ ਨੂੰ ਸਰੀਰਕ ਤਾਕਤ ਨਾਲ ਰੁਕਾਵਟਾਂ ਦੀ ਇੱਕ ਲੜੀ ਨੂੰ ਜਿੱਤਣ ਲਈ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਪੈਂਦਾ ਹੈ। ਦੂਜੇ ਰਾਊਂਡ ਵਿੱਚ ਮਾਨਸਿਕ ਮਜ਼ਬੂਤੀ ਨੂੰ ਪਰਖਣ ਲਈ ਦਿਮਾਗ਼ੀ ਚੁਸਤੀ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਦੋਂ ਕਿ ਤੀਜੇ ਅਤੇ ਆਖ਼ਰੀ ਰਾਊਂਡ ਵਿੱਚ ਸਰੀਰਕ ਅਤੇ ਮਾਨਸਿਕ ਦੋਵਾਂ ਤੱਤਾਂ ਅਨੁਸਾਰ ਸਹੀ ਰੋਡੀਜ਼ ਚੈਂਪੀਅਨ ਦਾ ਪਤਾ ਲਗਾਇਆ ਗਿਆ। ਇਸ ਈਵੈਂਟ ਵਿੱਚ ਕੁੱਲ 182 ਪ੍ਰਤੀਯੋਗੀਆਂ ਨੇ 91 ਟੀਮਾਂ ਦੇ ਰੂਪ ਵਿੱਚ ਭਾਗ ਲਿਆ। ਇਨ੍ਹਾਂ ਵਿੱਚੋਂ ਇੱਕ ਟੀਮ ਨੂੰ ਫਾਈਨਲ ਰਾਊਂਡ ਵਿੱਚ ਜੇਤੂ ਚੁਣਿਆ ਗਿਆ। ਜਿਸ ਅਨੁਸਾਰ ਬਾਬਾ ਫ਼ਰੀਦ ਸਕੂਲ ਤੋਂ 10+2 ਦੇ ਵਿਦਿਆਰਥੀਆਂ ਦਿਲਜੀਤ ਸਿੰਘ ਅਤੇ ਹੁਸਨ ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਬਠਿੰਡਾ ਤੋਂ 10+2 ਦੇ ਵਿਦਿਆਰਥੀਆਂ ਹਿਤੇਸ਼ ਅਤੇ ਵਿਵੇਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ, ਮੈਨੇਜਮੈਂਟ ਵਿਭਾਗ ਦੀ ਮੁਖੀ ਪਵਨੀਤ ਕੌਰ, ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਵੱਲੋਂ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਹੈ।
ਬਾਬਾ ਫ਼ਰੀਦ ਕਾਲਜ ਨੇ ਪ੍ਰੋਗਰਾਮ ’ਰੋਡੀਜ਼’ ਦਾ ਆਯੋਜਨ ਕੀਤਾ
5 Views