ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਵੱਲੋਂ ਐਮ.ਬੀ.ਏ.ਦੇ ਸਾਰੇ ਵਿਦਿਆਰਥੀਆਂ ਲਈ ਇੱਕ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਹੀਰੋ ਸਾਈਕਲ, ਲੁਧਿਆਣਾ ਵਿਖੇ ਲਿਜਾਇਆ ਗਿਆ। ਇਸ ਉਦਯੋਗਿਕ ਦੌਰੇ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੇ ਫੈਕਲਟੀ ਮੈਂਬਰ ਸ਼੍ਰੀਮਤੀ ਨਿਸ਼ਾ ਆਚਾਰੀਆ ਅਤੇ ਸ੍ਰੀ ਕੇਸ਼ਵ ਬਾਂਸਲ ਤੋਂ ਇਲਾਵਾ ਵਿਭਾਗ ਦੇ ਕੁੱਲ 49 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚੋਂ ਐਮ.ਬੀ.ਏ. ਦੂਜਾ ਸਾਲ ਦੇ ਵਿਦਿਆਰਥੀ ਸੰਜੀਵ ਅਤੇ ਐਮ.ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਨਗ਼ਮਾ ਇਸ ਦੌਰੇ ਦੇ ਕੋਆਰਡੀਨੇਟਰ ਸਨ। ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕਾਂ ਜਿਵੇਂ ਅਨਿਲ ਜੈਨ (ਸੀਨੀਅਰ ਐਚ.ਆਰ. ਮੈਨੇਜਰ), ਅਨਿਲ ਸ਼ਰਮਾ (ਸੀਨੀਅਰ ਐਚ.ਆਰ ਮੈਨੇਜਰ), ਸਲੋਨੀ (ਜੂਨੀਅਰ ਐਚ.ਆਰ. ਮੈਨੇਜਰ), ਵਿਨੋਦ (ਕੁਆਲਿਟੀ ਮੈਨੇਜਰ), ਹਰਮਨ (ਡਿਜ਼ਾਈਨ ਟੀਮ ਮੈਨੇਜਰ), ਸਾਹਿਲ (ਟੂਲ ਇੰਜੀਨੀਅਰਿੰਗ ਮੈਨੇਜਰ) ਅਤੇ ਦਿਲਪ੍ਰੀਤ (ਸਪੇਅਰ ਪਾਰਟਸ ਮੈਨੇਜਰ) ਆਦਿ ਨਾਲ ਮੁਲਾਕਾਤ ਕੀਤੀ। ਸਾਰੇ ਵਿਭਾਗੀ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੰਧਿਤ ਵਿਭਾਗ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾਂ ਡਿਜ਼ਾਈਨ ਟੀਮ ਮੈਨੇਜਰ ਹਰਮਨ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਸਾਈਕਲ ਪ੍ਰੋਟੋਟਾਈਪ ਡਿਜ਼ਾਈਨ ਕਰ ਕੇ ਨਮੂਨਾ ਉਤਪਾਦਨ ਵਿਭਾਗ ਨੂੰ ਸੌਂਪਦਾ ਹੈ। ਫਿਰ ਉਤਪਾਦਨ ਵਿਭਾਗ ਵਿੱਚ ਉਤਪਾਦਨ ਦਾ ਕੰਮ ਸ਼ੁਰੂ ਹੁੰਦਾ ਹੈ ਜਿੱਥੇ ਟਾਇਰਾਂ ਨੂੰ ਛੱਡ ਕੇ ਸਾਈਕਲ ਦੇ ਸਾਰੇ ਹਿੱਸੇ ਬਣਾਏ ਜਾਂਦੇ ਹਨ ਕਿਉਂਕਿ ਟਾਇਰ ਆਊਟਸੋਰਸਡ ਅਤੇ ਅਸੈਂਬਲਡ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਟੈਸਟਿੰਗ ਲੈਬ ਦਾ ਵੀ ਦੌਰਾ ਕੀਤਾ ਜਿੱਥੇ ਉਤਪਾਦਨ ਤੋਂ ਬਾਅਦ ਚੇਨ ਟੈਸਟਿੰਗ, ਸੀਟ ਟੈਸਟਿੰਗ ਅਤੇ ਹੈਂਡਲ ਟੈਸਟਿੰਗ ਕੀਤੀ ਜਾਂਦੀ ਹੈ। ਹੀਰੋ ਸਾਈਕਲ ਕੰਪਨੀ ਦੇ ਸੀਨੀਅਰ ਐਚ.ਆਰ. ਮੈਨੇਜਰ ਅਨਿਲ ਜੈਨ ਨੇ ਦੱਸਿਆ ਕਿ ਹਰ ਰੋਜ਼ 17000 ਸਾਈਕਲ ਤਿਆਰ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ, ਟੀਮ ਵਰਕ ਦੇ ਆਪਸੀ ਨਿਰਭਰਤਾ ਬਾਰੇ ਜਾਣਿਆ ਅਤੇ ਤਕਨੀਕੀ ਅਤੇ ਪ੍ਰੈਕਟੀਕਲ ਗਿਆਨ ਵੀ ਪ੍ਰਾਪਤ ਕੀਤਾ। ਇਸ ਉਦਯੋਗਿਕ ਦੌਰੇ ਨੇ ਉਦਯੋਗ ਦੇ ਵਿਹਾਰਕ ਕਾਰਜ ਪ੍ਰਣਾਲੀ ਦੇ ਸਬੰਧ ਵਿੱਚ ਉਨ੍ਹਾਂ ਦੇ ਗਿਆਨ ਨੂੰ ਵਧਾਇਆ। ਵਿਦਿਆਰਥੀਆਂ ਨੇ ਡਿਸਟ੍ਰੀਬਿਊਸ਼ਨ ਚੈਨਲਾਂ, ਲਾਭ ਅਤੇ ਨੁਕਸਾਨ, ਲਾਗਤ, ਮਾਰਕੀਟਿੰਗ ਆਦਿ ਨਾਲ ਸੰਬੰਧਿਤ ਆਪਣੇ ਸਵਾਲਾਂ ਦੇ ਹੱਲ ਵੀ ਪ੍ਰਾਪਤ ਕੀਤੇ। ਇਹ ਉਦਯੋਗਿਕ ਦੌਰਾ ਵਿਦਿਆਰਥੀਆਂ ਲਈ ਬਹੁਤ ਦਿਲਚਸਪ ਅਤੇ ਗਿਆਨ ਭਰਪੂਰ ਸਾਬਤ ਹੋਇਆ। ਅੰਤ ਵਿੱਚ ਵਿਦਿਆਰਥੀਆਂ ਨੇ ਕੰਪਨੀ ਦੇ ਅਧਿਕਾਰੀਆਂ ਦਾ ਉਦਯੋਗ ਦੇ ਸਭਿਆਚਾਰ ਨੂੰ ਸਮਝਣ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ।
Share the post "ਬਾਬਾ ਫ਼ਰੀਦ ਕਾਲਜ ਵੱਲੋਂ ਐਮ.ਬੀ.ਏ.ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਾ ਆਯੋਜਿਤ"