ਸੁਖਜਿੰਦਰ ਮਾਨ
ਬਠਿੰਡਾ , 12 ਮਈ: ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ (ਇੱਕ ਇਨਕਿਊਬੇਟਰ) ਵੱਲੋਂ ਇੱਕ ਈਵੈਂਟ ‘ਕੋਡਵਿਸਟਾ- ਡਿਵੈਲਪਰ ਤੋਂ ਉੱਦਮੀ‘ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕੁੱਲ 35 ਟੀਮਾਂ ਨੇ ਸ਼ੁਰੂਆਤੀ ਤੌਰ ‘ਤੇ ਰਜਿਸਟਰ ਕੀਤਾ। ਇਨ੍ਹਾਂ ਸਾਰੀਆਂ ਟੀਮਾਂ ਵਿੱਚੋਂ ਸ਼ੁਰੂਆਤੀ ਸਕਰੀਨਿੰਗ ਤੋਂ ਬਾਅਦ ਸਰਵੋਤਮ 13 ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਸਾਰੀਆਂ ਟੀਮਾਂ ਮੁਕਾਬਲੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। ਟੀਮਾਂ ਨੇ ਵਿਅਕਤੀਗਤ ਪੱਧਰ ‘ਤੇ ਜੱਜਾਂ ਦੇ ਸਾਹਮਣੇ 5 ਤੋਂ 10 ਮਿੰਟ ਵਿੱਚ ਆਪਣੇ ਪ੍ਰੋਜੈਕਟ ਅਤੇ ਵਿਚਾਰਾਂ ਦੀ ਵਿਆਖਿਆ ਕੀਤੀ। ਤਕਨੀਕੀ ਅਤੇ ਵਪਾਰਕ ਬਿੰਦੂਆਂ ਦੇ ਮਾਪਦੰਡ ਦੇ ਆਧਾਰ ‘ਤੇ 13 ਟੀਮਾਂ ਵਿੱਚੋਂ ਚੋਟੀ ਦੀਆਂ 3 ਟੀਮਾਂ ਵੂਫ, ਜਾਰਵਿਸ ਅਤੇ ਯੂ.ਆਈ. ਚੈਲੰਜ ਚੁਣੀਆਂ ਗਈਆਂ। ਇਨ੍ਹਾਂ ਟੀਮਾਂ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਆਪਣੀ ਪੂਰੀ ਇਨਕਿਊਬੇਸ਼ਨ ਸਹਾਇਤਾ ਦੇ ਨਾਲ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਇੱਕ ਸਟਾਰਟਅੱਪ ਵਿੱਚ ਬਦਲਣ ਵਿੱਚ ਮਦਦ ਕਰੇਗਾ। ਇਨਕਿਊਬੇਸ਼ਨ ਸਹਾਇਤਾ ਵਿੱਚ ਵਪਾਰ/ਤਕਨੀਕੀ ਸਲਾਹ, ਗਾਹਕ ਵਿਵਹਾਰ ਦੀ ਪਛਾਣ ਕਰਨਾ ਅਤੇ ਆਈ.ਪੀ.ਆਰ. ਸਹਾਇਤਾ ਆਦਿ ਸ਼ਾਮਲ ਹਨ। ਟੀਮਾਂ ਦੇ ਵਿਚਾਰ ਸੁਣ ਕੇ ਉੱਥੇ ਮੌਜੂਦ ਸਾਰੇ ਜੱਜ ਅਤੇ ਸਮਾਗਮ ਦੇ ਪ੍ਰਬੰਧਕ ਮੈਂਬਰ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਮਨੀਸ਼ ਗੁਪਤਾ, ਡੀਨ ਰਿਸਰਚ ਐਂਡ ਇਨੋਵੇਸ਼ਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਦਾ ਵੀ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵਲੋਂ ਈਵੈਂਟ ਦਾ ਆਯੋਜਨ
9 Views