ਸੁਖਜਿੰਦਰ ਮਾਨ
ਬਠਿੰਡਾ, 8 ਜੁਲਾਈ: ਬੀਤੇ ਦਿਨੀਂ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੀ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਵੱਲੋਂ ਸਕਾਊਟਸ ਟਰੇਨਿੰਗ ਸੈਂਟਰ, ਤਾਰਾ ਦੇਵੀ (ਸ਼ਿਮਲਾ) ਵਿਖੇ ਚਾਰ ਰੋਜ਼ਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਟਰੇਨਿੰਗ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਮੁਸੀਬਤ ਸਮੇਂ ਜੀਵਨ ਸੁਰੱਖਿਆ ਲਈ ਤਕਨੀਕੀ ਜਾਣਕਾਰੀ ਅਤੇ ਸਿਖਲਾਈ ਦੇਣਾ, ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ, ਖ਼ਤਰਿਆਂ ਸੰਗ ਜੂਝਣ ਦੀ ਹਿੰਮਤ ਜਗਾਉਣਾ, ਮੁਕਾਬਲਿਆਂ ਰਾਹੀਂ ਹੁਨਰ ਨੂੰ ਤਰਾਸ਼ਣਾ ਅਤੇ ਵਿਵਹਾਰਿਕ ਜੀਵਨ ਨੂੰ ਨਿਯਮਬੱਧ ਢੰਗ ਨਾਲ ਜਿਊਣ ਦੀ ਆਦਤ ਪਾਉਣਾ ਸੀ। ਸਕੂਲ ਦੇ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਸਕੂਲ ਦੇ 16 ਵਿਦਿਆਰਥੀਆਂ ਨੂੰ ਇਸ ਕੈਂਪ ਲਈ ਰਵਾਨਾ ਕੀਤਾ ਗਿਆ। ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਤੋਂ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ ਇੰਚਾਰਜ ਸਿਮਰਪਾਲ ਸਿੰਘ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ। ਕੈਂਪ ਦੌਰਾਨ ਕੈਂਪ ਇੰਚਾਰਜ ਹੇਮੰਤ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਸਕਾਊਟਸ ਦੇ ਪੂਰਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸਵੇਰ ਦੀ ਸਭਾ ਵਿੱਚ ਸਰੀਰਕ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੌਰਾਨ ਸਕਾਊਟਸ ਨੂੰ ਮਨਮੋਹਕ ਪਰ ਖ਼ਤਰਨਾਕ ਪਹਾੜੀ ਰਸਤਿਆਂ ਰਾਹੀਂ ਟਰੈਕਿੰਗ ਕਰਵਾਉਂਦੇ ਹੋਏ ਪਵਿੱਤਰ ਤਾਰਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਗਏ। ਕਲਾ ਰੁਚੀਆਂ ਨੂੰ ਉਭਾਰਨ ਲਈ ਹਰੇਕ ਸ਼ਾਮ ਹੁੰਦੇ ਕੈਂਪ ਫਾਇਰ ਪ੍ਰੋਗਰਾਮ ਤਹਿਤ ਸਕਾਊਟਸ ਵੱਲੋਂ ਗੀਤ, ਵੈਸਟਰਨ ਡਾਂਸ, ਗਰੁੱਪ ਡਾਂਸ, ਭੰਗੜਾ, ਗਿੱਧਾ, ਸਕਿੱਟ, ਮਿਮਿਕਰੀ, ਕਾਵਿ ਉਚਾਰਨ ਅਤੇ ਭਾਸ਼ਣ ਕਲਾ ਆਦਿ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਖੀਰਲੇ ਦਿਨ ਸਕਾਊਟਸ ਨੂੰ ਸ਼ਿਮਲਾ ਘੁਮਾਉਣ ਲਈ ਲਿਜਾਇਆ ਗਿਆ। ਇਸ ਦਿਨ ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ. ਓਂਕਾਰ ਸਿੰਘ ਨੇ ਸਕਾਊਟਸ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਸਕੂਲ ਦੇ ਸਕਾਊਟਸ ਨੇ ਤਾਰਾ ਦੇਵੀ ਵਿਖੇ ਚਾਰ ਰੋਜ਼ਾ ਟਰੇਨਿੰਗ ਕੈਂਪ ਲਗਾਇਆ"