6 Views
ਖਪਤਕਾਰ ਟੋਲ ਫ੍ਰੀ ਨੰਬਰ 1912 ‘ਤੇ ਸ਼ਿਕਾਇਤ ਦਰਜ਼ ਕਰਵਾ ਸਕਦੇ ਨੇ*
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 5 ਸਤੰਬਰ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ‘ਚ 103 ਨੋਡਲ ਸਿ਼ਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ।
ਟੋਲ ਫ੍ਰੀ ਨੰਬਰ 1912 ਪ੍ਰਣਾਲੀ ਦੀ ਸਮੀਖਿਆ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਭਰ ‘ਚ ਲਗਭਗ 99 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਕੋਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਸਮਰਪਿਤ ਕਰਮਚਾਰੀ /ਅਧਿਕਾਰੀ ਹਨ। ਮੰਤਰੀ ਨੇ ਦੱਸਿਆ ਕਿ ਉਹ 24 ਘੰਟੇ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜੋ ਕਿ 500 ਸਬ ਡਵੀਜ਼ਨ ਦਫ਼ਤਰਾਂ ਵਿੱਚ ਵੰਡੇ ਹੋਏ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ।
ਸ. ਈ.ਟੀ.ਓ. ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਇਨ੍ਹਾਂ ਸ਼ਿਕਾਇਤ ਕੇਂਦਰਾਂ ਦੀ ਨਿਗਰਾਨੀ ਲਈ ਮੁੱਖ ਦਫ਼ਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ ਪੰਜ ਜ਼ੋਨਲ ਪੱਧਰ ਤੇ ਵੀ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਕੋਲ ਪਹਿਲਾਂ ਹੀ ਟੋਲ ਫ੍ਰੀ ਨੰਬਰ 1912 `ਤੇ ਕਾਲ ਕਰਨ ਜਾਂ 1912 `ਤੇ ‘’ਨੋ ਸਪਲਾਈ’’ ਮੈਸੇਜ ਕਰਨ ਦਾ ਬਦਲ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਾਉਣ ਲਈ ਇੱਕ ਮੋਬਾਈਲ ਐਪ ਐਂਡਰਾਇਡ ਅਤੇ ਆਈ.ਓ.ਐਸ. ਐਪ ਮੋਬਾਈਲ ਫੋਨਾਂ ਲਈ ਵੀ ਉਪਲੱਬਧ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੀ ਕੋਸ਼ਿਸ਼ ਵਿੱਚ ਪੀ.ਐਸ.ਪੀ.ਸੀ.ਐਲ. ਵੱਲੋਂ ਖਪਤਕਾਰਾਂ ਨੂੰ ਮਿਸਡ ਕਾਲਾਂ ’ਤੇ ਸਪਲਾਈ ਦੀਆਂ ਸ਼ਿਕਾਇਤਾਂ ਦੀ ਇੱਕ ਨਵੀਂ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਬਿਜਲੀ ਖਪਤਕਾਰ ਟੋਲ ਫ੍ਰੀ ਨੰਬਰ 1800-180-1512 `ਤੇ ਮਿਸਡ ਕਾਲ ਕਰਕੇ ਸ਼ਿਕਾਇਤਾਂ ਦਰਜ਼ ਕਰਾ ਸਕਦੇ ਹਨ। ਜੇਕਰ ਖਪਤਕਾਰ ਦਾ ਮੋਬਾਈਲ ਨੰਬਰ ਪੀ.ਐਸ.ਪੀ.ਸੀ.ਐਲ. ਨਾਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਇੱਕ ਲਿੰਕ ਭੇਜਿਆ ਜਾਂਦਾ ਹੈ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ‘ਤੇ ਖਪਤਕਾਰ ਆਪਣੇ ਆਪ ਹੀ 1912 ਗਾਹਕ ਪ੍ਰਬੰਧਨ ਪ੍ਰਣਾਲੀ ਨਾਲ ਰਜਿਸਟਰ ਹੋ ਜਾਂਦਾ ਹੈ।
ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਇਸ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਰਾਹੀਂ ਚਾਲੂ ਸਾਲ ਵਿੱਚ ਹੁਣ ਤੱਕ ਬਿਜਲੀ ਸਪਲਾਈ, ਬਿਲਿੰਗ ਅਤੇ ਮੀਟਰਿੰਗ ਨਾਲ ਸਬੰਧਤ 95 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ਿਕਾਇਤ ਦੇ ਨਿਪਟਾਰੇ ਬਾਰੇ ਖਪਤਕਾਰਾਂ ਤੋਂ ਫੀਡ ਬੈਕ ਵੀ ਲਿਆ ਜਾਂਦਾ ਹੈ। ਜੇਕਰ ਖਪਤਕਾਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਸ਼ਿਕਾਇਤਾਂ ਦੇ ਆਟੋਮੈਟਿਕ ਵਾਧੇ ਲਈ 1912 `ਤੇ ਆਪਣੀਆਂ ਟਿੱਪਣੀਆਂ ਦੇ ਨਾਲ ਐਸ.ਐਮ.ਐਸ. ਭੇਜ ਸਕਦੇ ਹਨ। ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਸਿਸਟਮ ਖ਼ਪਤਕਾਰਾਂ ਵੱਲੋਂ ਕੀਤੇ ਗਏ ਫੀਡਬੈਕ ਨੂੰ ਆਟੋਮੈਟਿਕ ਤੌਰ ‘ਤੇ ਵਾਚਦਾ ਹੈ ਅਤੇ ਸਬੰਧਤ ਦਫਤਰਾਂ ਨੂੰ ਭੇਜਦਾ ਹੈ।
Share the post "ਬਿਜਲੀ ਖਪਤਕਾਰਾਂ ਦੀਆਂ ਸਿ਼ਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ‘ਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਤ: ਹਰਭਜਨ ਸਿੰਘ ਈ.ਟੀ.ਓ."