ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬੀਬੀ ਵਾਲਾ ਰੋਡ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵੱਲੋਂ ਵਿਕਸਤ ਕਰਨ ਦੀ ਬਜਾਏ ਇਸ ਦੇ ਇੱਕ ਹਿੱਸੇ ਤੇ ਸ਼ਹਿਰ ਦੇ ਕੁਝ ਰਸੂਖਵਾਨ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਨਹੀਂ ਰੋਕ ਰਹੀ,ਬਲਕਿ ਉਨ੍ਹਾਂ ਰਸੂਖਵਾਨ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਸਬੰਧੀ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦਿੰਦਿਆਂ ਪ੍ਰਿੰਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਨਾਗਰਿਕ ਚੇਤਨਾ ਮੰਚ ਰਜਿਸਟਰਡ ਵੱਲੋਂ 1999 ਤੋਂ ਕੀਤੀ ਕਈ ਸਾਲਾਂ ਦੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਲੋਕਾਂ ਵੱਲੋਂ ਬਣਵਾਇਆ ਗਿਆ। ਨਗਰ ਨਿਗਮ ਬਠਿੰਡਾ ਨੇ ਇਸ ਦੀ ਚਾਰਦੀਵਾਰੀ ਕਰਵਾ ਕੇ ਇਸ ਅੰਦਰ ਟਰੈਕ ਵੀ ਬਣਵਾਇਆ ਅਤੇ ਮਾਲੀ ਵੀ ਰੱਖਿਆ। ਸ਼ਹਿਰ ਦੀ ਟੀ ਪੀ ਸਕੀਮ ਤਿੰਨ ਪਾਰਟ ਦੋ ਵਿੱਚ ਇਹ ਸਾਰਾ ਪਾਰਕ ਦਿਖਾਇਆ ਗਿਆ ਹੈ। ਪਰ ਇਸ ਵਿੱਚੋਂ 490 ਗਜ਼ ਜਗ੍ਹਾ ਅਜਿਹੀ ਹੈ ਜਿਸ ‘ਤੇ ਸ਼ਹਿਰ ਦੇ ਕੁਝ “ਰਸੂਖ਼ਵਾਨ” ਲੋਕਾਂ ਨੇ ਜਿਲ੍ਹਾ ਅਦਾਲਤਾਂ ਵਿੱਚ ਗਲਤ ਬਿਅਾਨੀ ਕਰਕੇ ਪੂਰੇ ਪਾਰਕ ਦੇ ਵਿਕਾਸ ਵਿੱਚ ਰੋੜਾ ਅਟਕਾਇਆ ਹੋਇਅਾ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਵੀ ਇਸ 490 ਗਜ਼ ਜਗ੍ਹਾ ਦੇ ਅੰਦਰਲੇ ਪਾਸੇ ਪਹਿਲਾਂ ਛੋਟੀ ਕੰਧ ਕਰਾਈ ਸੀ ਤੇ ਹੁਣ ਉਸ ਨੂੰ ਢਾਹ ਕੇ ਪੰਜ ਫੁੱਟ ਤੋਂ ਵੀ ਉੱਪਰ ਗਰਿੱਲਾਂ ਲਾ ਕੇ ਕੰਧ ਉਸਾਰੀ ਗਈ ਹੈ,ਜਦ ਕਿ ਬਾਕੀ ਦੇ ਪਾਰਕ ਦੀਆਂ ਸਾਈਡਾਂ ਦੀ ਦੀਵਾਰ ਸਿਰਫ ਦੋ ਕੁ ਫੁੱਟ ਉਚੀ ਹੀ ਹੈ। ਇਸ ਥਾਂ ਵਾਲੇ ਪਾਸੇ ਪਾਰਕ ਦੀ ਪੰਜ ਫੁੱਟ ਉੱਚੀ ਦੀਵਾਰ ਤੇ ਗਰਿੱਲਾਂ ਲਾ ਕੇ ਉਸਾਰੀ ਕਿਉਂ ਕਰਵਾਈ ਜਾ ਗਈ ਹੈ ? ਸਪੈਸ਼ਲ ਤੌਰ ਤੇ ਇਹ ਉੱਚੀ ਕੰਧ ਉਸਾਰਨ ਨਾਲ ਪਾਰਕ ਦੀ ਇਸ ਜਗ੍ਹਾ ਤੇ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਰਸੂਖ਼ਵਾਨ ਲੋਕਾਂ ਦਾ ਕਬਜ਼ਾ ਸ਼ੋਅ ਹੋ ਜਾਵੇਗਾ, ਜੋ ਸਰਸਰ ਗ਼ੈਰ-ਕਾਨੂੰਨੀ ਹੈ। ਪਾਰਕ ਦੇ ਆਸ ਪਾਸ ਦੇ ਘਰਾਂ ਦੇ ਲੋਕਾਂ ਚੋਂ ਕਿਸੇ ਨੇ ਵੀ ਇਸ ਕੰਧ ਨੂੰ ਉੱਚਾ ਕਰਕੇ ਉਸਾਰਨ ਲਈ ਨਗਰ ਨਿਗਮ ਨੂੰ ਕੋਈ ਬੇਨਤੀ ਨਹੀਂ ਕੀਤੀ। ਬੀਤੇ ਦਿਨੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਾਰਕ ਕਮੇਟੀ ਪ੍ਰਧਾਨ ਦੀ ਅਗਵਾਈ ਵਿੱਚ ਲੋਕਾਂ ਦਾ ਇਕ ਵਫਦ ਮਿਲਿਆ ਤੇ ਇੱਕ ਲਿਖਤੀ ਪੱਤਰ ਦੇ ਕੇ ਇਸ ਨਜਾਇਜ਼ ਤੌਰ ਤੇ ਉਸਾਰੀ ਜਾ ਰਹੀ ਕੰਧ ਨੂੰ ਫੌਰੀ ਤੌਰ ਤੇ ਰੋਕਣ ਲਈ ਕਿਹਾ ਸੀ। ਕਮਿਸ਼ਨਰ ਸਾਹਿਬ ਨੇ ਇਹ ਮਾਮਲਾ ਪੜਤਾਲ ਕਰਨ ਲਈ ਤਾਂ ਕਿਹਾ ਪਰ ਠੇਕੇਦਾਰ ਵੱਲੋਂ ਉਸਾਰੀ ਜਾ ਰਹੀ ਕੰਧ ਨੂੰ ਰੋਕਿਆ ਤੱਕ ਨਹੀਂ ਜੋ ਲੋਕਾਂ ਦੇ ਵਫ਼ਦ ਦੀ ਰੀਪਰਜੰਟੇਸ਼ਨ ਦੀ ਅਣਦੇਖੀ ਕਹਿ ਸਕਦੇ ਹਾਂ। ਇਕ ਪਾਸੇ ਤਾਂ ਪੰਜਾਬ ਸਰਕਾਰ ਸ਼ਹਿਰਾਂ ਅੰਦਰ ਸਰਕਾਰੀ ਥਾਵਾਂ ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਪਰ ਦੂਜੇ ਪਾਸੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਸੈਰ ਵਾਲੇ ਪਾਰਕ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਨੂੰ ਉਤਸ਼ਾਹਿਤ ਕਿਉਂ ਕਰ ਰਹੀ ਹੈ ? ਇਸ ਪ੍ਰਤੀ ਵਾਰਡ ਦੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਹੋਰ ਕੋਈ ਅਗਲੀ ਕਾਰਵਾਈ ਬਾਰੇ ਵੀ ਸੋਚ ਰਹੇ ਹਨ।
Share the post "ਬੀਬੀ ਵਾਲਾ ਰੋਡ ਪਾਰਕ ਨੰਬਰ-39 ਤੇ ਨਜਾਇਜ਼ ਕਬਜਾ ਹਟਾਉਣ ਲਈ ਐਮਐਲਏ ਜਗਰੂਪ ਗਿੱਲ ਨੂੰ ਦਿੱਤਾ ਮੰਗ ਪੱਤਰ"