ਸੁਖਜਿੰਦਰ ਮਾਨ
ਬਠਿੰਡਾ, 9 ਸਤੰਬਰ : ਪ੍ਰੋਫੈਸਰ (ਡਾ.) ਆਰ. ਕੇ. ਉੱਪਲ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਸਮੇਂ ਉਹ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਵਿੱਚ ਬਤੌਰ ਪਿ੍ਰੰਸੀਪਲ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੂੰ ਆਲ ਇੰਡੀਆ ਕਾਨਫ਼ਰੰਸ ਆਫ਼ ਇੰਟੈਲੇਕਚੁਅਲਜ਼-2022 ਦੀ 44ਵੀਂ ਸਾਲਾਨਾ ਕਾਨਫ਼ਰੰਸ ਦੇ ਦੌਰਾਨ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਲਈ ‘ਪੰਜਾਬ ਰਤਨ ਐਵਾਰਡ‘ ਨਾਲ ਸਨਮਾਨਿਤ ਕੀਤਾ ਗਿਆ। ਡਾ. ਉੱਪਲ ਨੇ 72 ਤੋਂ ਜ਼ਿਆਦਾ ਕਿਤਾਬਾਂ ਭਾਰਤੀ ਬੈਂਕਿੰਗ ਪ੍ਰਣਾਲੀ ‘ਤੇ ਲਿਖੀਆਂ ਹਨ ਅਤੇ ਇਨ੍ਹਾਂ ਵਿੱਚੋਂ 17 ਕਿਤਾਬਾਂ ਭਾਰਤ ਦੀ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹਨ। ਬਹੁਤ ਸਾਰੇ ਮਹੱਤਵਪੂਰਨ ਪ੍ਰੋਜੈਕਟਾਂ ਉੱਪਰ ਉਹ ਕੰਮ ਕਰ ਚੁੱਕੇ ਹਨ ਅਤੇ 300 ਤੋਂ ਵੀ ਜ਼ਿਆਦਾ ਰਿਸਰਚ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਵਿੱਚ ਲਿਖੇ ਹਨ ਜੋ ਵੱਖ-ਵੱਖ ਅਖ਼ਬਾਰਾਂ ਵਿੱਚ ਵੀ ਛਪ ਚੁੱਕੇ ਹਨ। ਵੱਖ-ਵੱਖ ਟੀ.ਵੀ. ਚੈਨਲ ਜਿਵੇਂ ਕੇ ਦੂਰਦਰਸ਼ਨ ਜਲੰਧਰ, ਹਮਦਰਦ ਟੀ.ਵੀ., ਪੀ.ਟੀ.ਸੀ., ਮਾਲਵਾ ਟੀ.ਵੀ., ਬੀ.ਐਫ.ਪੀ. ਮੀਡੀਆ ਅਤੇ ਆਲ ਇੰਡੀਆ ਰੇਡੀਉ, ਜਲੰਧਰ, ਚੰਨ ਪ੍ਰਦੇਸੀ ਰੇਡੀਉ, ਪਟਿਆਲਾ ਤੋਂ ਉਹ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਉੱਚ ਸਿੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਤੋਂ ਐਮ.ਫਿਲ. ਅਤੇ ਪੀ.ਐਚ.ਡੀ. ਕਰ ਚੁੱਕੇ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਨੂੰ ਪਹਿਲਾ ਵੀ ਕਈ ਵਾਰ ਸਨਮਾਨਿਤ ਕੀਤਾ ਹੈ। ਉਹ ਅੱਜ ਕੱਲ੍ਹ ਪੰਜਾਬ ਦੇ ਮਾਲਵਾ ਖ਼ਿੱਤੇ ਵਿੱਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਆਰਥਿਕ ਪ੍ਰਭਾਵਾਂ, ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ ਦਾ ਕੰਮ ਵੀ ਕਰ ਰਹੇ ਹਨ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਦੇ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਡਾ. ਉੱਪਲ ਨੂੰ ਵਧਾਈ ਦਿੱਤੀ।
Share the post "ਬੀ.ਐਫ.ਜੀ.ਆਈ., ਦੇ ਪ੍ਰੋਫੈਸਰ ਆਰ. ਕੇ. ਉੱਪਲ ਹੋਏ ‘ਪੰਜਾਬ ਰਤਨ ਐਵਾਰਡ‘ ਨਾਲ ਸਨਮਾਨਿਤ"