ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਗਾਤਾਰ ਹੋ ਰਹੀ ਹੈ। ਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਅਜਿਹੇ ਉਪਰਾਲਿਆਂ ਸਦਕਾ ਹੀ ਦੇਸ਼ ਭਰ ਦੀਆਂ ਪ੍ਰਸਿੱਧ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਤੋਂ ਬਾਦ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਲਈ ਬੰਧਨ ਬੈਂਕ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ। ਜਿਸ ਦੌਰਾਨ ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਜ਼ਿਕਰਯੋਗ ਹੈ ਕਿ ਬੰਧਨ ਬੈਂਕ ਭਾਰਤ ਦਾ ਇੱਕ ਨਵਾਂ ਬੈਂਕ ਹੈ ਜਿਸ ਦਾ ਮੁੱਖ ਦਫ਼ਤਰ ਕੋਲਕਾਤਾ (ਪੱਛਮੀ ਬੰਗਾਲ) ਵਿੱਚ ਹੈ । ਪਲੇਸਮੈਂਟ ਡਰਾਈਵ ਦੌਰਾਨ ਬੰਧਨ ਬੈਂਕ ਦੇ ਅਧਿਕਾਰੀਆਂ ਨੇ ਆਨਲਾਈਨ ਟੈੱਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਮਨੁੱਖੀ ਸਰੋਤਾਂ, ਮਾਰਕੀਟਿੰਗ ਅਤੇ ਫਾਈਨਾਂਸ ਖੇਤਰ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਬੰਧਨ ਬੈਂਕ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਬੰਧਨ ਬੈਂਕ ਦੇ ਅਧਿਕਾਰੀਆਂ ਨੇ ਐਮ.ਬੀ.ਏ. (ਬੈਚ 2023) ਦੇ 14 ਵਿਦਿਆਰਥੀਆਂ ਧਰੁਵ ਗੁਪਤਾ, ਰੋਹਿਤ ਕੁਮਾਰ, ਗੁਰਸਿਮਰਨ ਸਿੰਘ, ਗਗਨ, ਹਰਚਰਨ ਸਿੰਘ, ਪਰਮਲਦੀਪ ਸਿੰਘ, ਕੋਮਲ ਰਾਣੀ, ਗਗਨਦੀਪ, ਦਿਲਪ੍ਰੀਤ ਸਿੰਘ, ਮੁਨੀਸ਼ਾ ਰਾਣੀ, ਨੀਲਮਾ, ਦੀਕਸ਼ਾ ਰਾਣੀ, ਰਵਿੰਦਰ ਸਿੰਘ ਅਤੇ ਰਸ਼ਪਿੰਦਰ ਸਿੰਘ ਨੂੰ 4.5 ਲੱਖ ਸਾਲਾਨਾ ਦੇ ਪੈਕੇਜ ’ਤੇ ਕਸਟਮਰ ਰਿਲੇਸ਼ਨਸ਼ਿਪ ਅਫ਼ਸਰ ਦੇ ਅਹੁਦੇ ਲਈ ਚੁਣ ਲਿਆ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਸੰਸਥਾ ਵਿਖੇ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਉਸਾਰੀ, ਕਮਿਊਨੀਕੇਸ਼ਨ ਸਕਿੱਲਜ਼, ਸੈਮੀਨਾਰ, ਇੰਡਸਟਰੀਅਲ ਟੂਰ, ਲਾਈਵ ਪ੍ਰੋਜੈਕਟ, ਟਰੇਨਿੰਗ ਅਤੇ ਗੈੱਸਟ ਲੈਕਚਰ ਆਦਿ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸੰਸਥਾ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਅਜਿਹਾ ਸ਼ਾਨਦਾਰ ਮੌਕਾ ਪ੍ਰਦਾਨ ਕਰਨ ਲਈ ਡਾ. ਧਾਲੀਵਾਲ ਨੇ ਬੰਧਨ ਬੈਂਕ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਬੰਧਨ ਬੈਂਕ ਨੇ ਨੌਕਰੀ ਲਈ ਚੁਣੇ
8 Views