ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਪਣੇ ਵਿਦਿਆਰਥੀਆਂ ਲਈ ਸਟਾਰਟਅੱਪ ਆਈਡੀਆ ਪ੍ਰਤੀਯੋਗਤਾ ’ਆਈ ਕੈਨ’ ਦਾ ਆਯੋਜਨ ਕੀਤਾ। ਇਹ ਮੁਕਾਬਲਾ 2 ਗੇੜਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਪਹਿਲੇ ਗੇੜ ਵਿੱਚ 75 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 21 ਟੀਮਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਇਸ ਮੌਕੇ ਸ਼੍ਰੀਮਤੀ ਕਰੁਣਾ ਕੰਵਰ ਨੇ ਇੱਕ ਸਟਾਰਟਅੱਪ ਕਿਵੇਂ ਸ਼ੁਰੂ ਕੀਤਾ ਜਾਵੇ ਬਾਰੇ ਪੇਸ਼ਕਾਰੀ ਦਿੱਤੀ ਅਤੇ ਅਕਾਦਮਿਕ ਤੋਂ ਸਟਾਰਟਅੱਪ ਈਕੋਸਿਸਟਮ ਅਤੇ ਇਸ ਨੂੰ ਸਫਲ ਬਣਾਉਣ ਲਈ ਆਪਣੇ ਤਜਰਬੇ ਸਾਂਝੇ ਕੀਤੇ। ਸ. ਕਰਨਵੀਰ ਗਿੱਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕੁੱਝ ਸਟਾਰਟਅੱਪ ਦੀ ਮੁੱਢਲੀ ਸ਼ੁਰੂਆਤ ਅਤੇ ਸਫਲਤਾ ਦੀਆਂ ਕਹਾਣੀਆਂ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ। ਇਸ ਸਮਾਗਮ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਆਪਣੇ ਸਫ਼ਰ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਧਿਆਨ ਕੇਂਦਰਿਤ ਕਰਨ, ਹਮੇਸ਼ਾ ਸਕਾਰਾਤਮਿਕ ਰਹਿਣ ਅਤੇ ਆਪਣਾ ਰਸਤਾ ਚੁਣਨ ਦੀ ਸਲਾਹ ਦਿੱਤੀ। ਤਕਨੀਕੀ ਅਤੇ ਵਪਾਰਕ ਮਾਪਦੰਡ ਦੇ ਆਧਾਰ ’ਤੇ ਬੀ.ਟੈੱਕ.(ਇਲੈਕਟਰੀਕਲ ਇੰਜ.) ਦੇ ਸਟਾਰਟਅੱਪ ’ਸੋਲਰ ਟਰੈਕਿੰਗ ਸਿਸਟਮ’ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਬੀ.ਐਸ.ਸੀ.(ਆਨਰਜ਼) ਕੈਮਿਸਟਰੀ ਤੋਂ ਸਟਾਰਟਅੱਪ ਆਈਡੀਆ ’ਆਈਸੋਲੇਸ਼ਨ ਆਫ਼ ਸੈਲੂਲੋਜ਼’ ਨੇ ਦੂਸਰਾ ਇਨਾਮ ਪ੍ਰਾਪਤ ਗਿਆ। ਇਸੇ ਤਰ੍ਹਾਂ ਬੀ.ਐਸ.ਸੀ.(ਐਗਰੀਕਲਚਰ) ਤੋਂ ਸਟਾਰਟਅੱਪ ’ਸੈਲਫ-ਪ੍ਰੋਪੇਲਡ ਅਰਥਿੰਗ ਅੱਪ ਮਸ਼ੀਨ’ ਨੇ ਤੀਸਰਾ ਇਨਾਮ ਜਿੱਤਿਆ ਜਦੋਂ ਕਿ ਬੀ.ਬੀ.ਏ. ਤੋਂ ਸਟਾਰਟ ਅੱਪ ’ਵੀਵ ਮਾਈ ਟ੍ਰਿਪ’ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਜੇਤੂ ਟੀਮਾਂ ਨੂੰ ਕ੍ਰਮਵਾਰ 8000/-, 5000/- ਅਤੇ 3000/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਨਕਿਊਬੇਸ਼ਨ ਮੈਨੇਜਰ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।
Share the post "ਬੀ.ਐਫ.ਜੀ.ਆਈ. ਵਿਖੇ ਸਟਾਰਟਅੱਪ ਆਈਡੀਆ ਪ੍ਰਤੀਯੋਗਤਾ ’ਆਈਕੈਨ’ ਦਾ ਹੋਇਆ ਆਯੋਜਨ"