ਬਠਿੰਡਾ, 17 ਫਰਵਰੀ :ਬੀ.ਐਫ.ਜੀ.ਆਈ. ਵਿਖੇ ਸੰਸਥਾ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਾਇਰੈਕਟਰ ਐਡਮਨ ਸ਼੍ਰੀ ਅਮਿਤੋਜ ਧਾਲੀਵਾਲ ਅਤੇ ਐਗਜ਼ੈਕਟਿਵ ਡਾਇਰੈਕਟਰ ਡਾ. ਅਮਾਨਤ ਧਾਲੀਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰਜ਼, ਅਸਿਸਟੈਂਟ ਡਾਇਰੈਕਟਰਜ਼, ਕੇਂਦਰੀ ਵਿਭਾਗ ਮੁਖੀਆਂ ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਡੀਨ, ਵਿਭਾਗ ਮੁਖੀਆਂ ਅਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਏ ਹੋਏ ਮਹਿਮਾਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਇਸ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਮਿੱਥੇ ਟੀਚਿਆਂ ਨੂੰ ਪੂਰਾ ਕਰ ਕੇ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਬੀ.ਐਫ.ਜੀ.ਆਈ. ਦੀ ਪਾਲਿਸੀ ਤਹਿਤ ਸਿਲਵਰ, ਗੋਲਡ ਅਤੇ ਪਲੈਟੀਨਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਭਾਗਾਂ ਅਤੇ ਸੈੱਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਿਸਰਚ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਖੋਜਕਰਤਾਵਾਂ ਨੂੰ ਵੀ ਖ਼ਾਸ ਤੌਰ ਤੇ ‘ਰਿਸਰਚ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਐਵਾਰਡ ਹਾਸਲ ਕਰਨ ਵਾਲਿਆਂ ਨੂੰ 3100 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਦੇ ਇਨਾਮ ਦਿੱਤੇ ਗਏ ਜਿਸ ਦੀ ਕੁੱਲ ਰਾਸ਼ੀ ਲਗਭਗ 35 ਲੱਖ ਰੁਪਏ ਬਣਦੀ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਬੀ.ਐਫ.ਜੀ.ਆਈ. ਨੂੰ 25 ਪੇਟੈਂਟਾਂ ਦੇ ਅਧਿਕਾਰ ਹਾਸਲ ਹੋ ਚੁੱਕੇ ਹਨ ਜਿਸ ਸਦਕਾ ਅਸੀਂ ਰਿਸਰਚ ਦੇ ਖੇਤਰ ਵਿੱਚ ਪੂਰੇ ਪੰਜਾਬ ਦੇ ਕਾਲਜਾਂ ਵਿੱਚੋਂ ਮੋਹਰੀ ਬਣ ਗਏ ਹਾਂ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਬੀ.ਐਫ.ਜੀ.ਆਈ. ਵੱਲੋਂ 6.5 ਕਰੋੜ ਦੇ 21 ਰਿਸਰਚ ਪ੍ਰੋਜੈਕਟ ਅਪਲਾਈ ਕੀਤੇ ਗਏ ਸਨ ਜਦੋਂ ਕਿ ਇਸ ਸਾਲ 50 ਪੇਟੈਂਟ ਅਤੇ 25 ਕਰੋੜ ਦੇ ਰਿਸਰਚ ਪ੍ਰੋਜੈਕਟ ਹਾਸਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸੰਸਥਾ ਨੂੰ ਹਰ ਖੇਤਰ ਵਿੱਚ ਬੁਲੰਦੀਆਂ ਤੇ ਲਿਜਾਣ ਲਈ ਸੰਸਥਾ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਵਧੀਆ ਪ੍ਰਦਰਸ਼ਨ ਅਤੇ ਸਹਿਯੋਗ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਨੇ ਕਿਹਾ ਅਜਿਹੇ ਐਵਾਰਡ ਸਮਾਗਮ ਆਯੋਜਿਤ ਕਰਨ ਨਾਲ ਉਨ੍ਹਾਂ ਦੀ ਹੌਸਲਾ ਅਫ਼ਜਾਈ ਹੁੰਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਹਰ ਸਾਲ ਕਿਸੇ ਨੇਕ ਕਾਰਜ ਨੂੰ ਸਮਰਪਿਤ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ ਇਹ ਵਰ੍ਹਾ 2022 ”ਸੈੱਲਫ਼ ਡਿਵੈਲਪਮੈਂਟ” ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੇ ਹਰ ਇੱਕ ਨੂੰ ਆਪਣੇ ਵਿਅਕਤੀਗਤ ਵਿਕਾਸ, ਆਪਣੇ ਵਿਭਾਗ ਅਤੇ ਆਪਣੀ ਸੰਸਥਾ ਦੇ ਵਿਕਾਸ ਦੇ ਨਾਲ-ਨਾਲ ਆਪਣੀ ਸਿਹਤ ਦੀ ਸੰਭਾਲ ਕਰਨ ਅਤੇ ਸ਼ਖ਼ਸੀਅਤ ਉਸਾਰੀ ਲਈ ਟੀਚਾ ਆਧਾਰਿਤ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਂ ਪੱਖੀ ਨਜ਼ਰੀਆ ਰੱਖ ਕੇ ਕਮੀਆਂ ਲੱਭਣ ਅਤੇ ਸੋਚਣ ਦੀ ਲੋੜ ਹੈ ਜਿਸ ਨਾਲ ਭਵਿੱਖ ਵਿੱਚ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧੀਆ ਸੇਵਾਵਾਂ ਦੇਣ ਨਾਲ ਹੀ ਅਸੀਂ ਵਧੀਆ ਲਾਭ ਲੈਣ ਦੇ ਵੀ ਯੋਗ ਹੋ ਜਾਂਦੇ ਹਾਂ। ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਫੈਕਲਟੀ ਅਤੇ ਸਟਾਫ਼ ਮੈਂਬਰ ਐਵਾਰਡ ਹਾਸਲ ਕਰਨਗੇ। ਇਸ ਸਾਲਾਨਾ ਐਵਾਰਡ ਸਮਾਰੋਹ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦੇ ਜੌਹਰ ਵੀ ਦਿਖਾਏ। ਇਸ ਮੌਕੇ ‘ਤੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਦੀ ਤਰਫ਼ੋਂ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਬਹੁਤੀਆਂ ਸੰਸਥਾਵਾਂ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਤੋਂ ਅਸਮਰਥ ਹਨ ਉੱਥੇ ਬੀ.ਐਫ.ਜੀ.ਆਈ. ਵੱਲੋਂ ਲੱਖਾਂ ਰੁਪਏ ਦੇ ਇਨਾਮ ਦੇ ਕੇ ਆਪਣੇ ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਅੰਤ ਵਿਚ ਨਵੀਆਂ ਮੰਜ਼ਿਲਾਂ ਲਈ ਅਗਰਸਰ ਕਰਦਾ ਅਤੇ ਖ਼ੁਸ਼ੀਆਂ ਖੇੜੇ ਵੰਡਦਾ ਇਹ ਐਵਾਰਡ ਸਮਾਰੋਹ ਨਵੀਂ ਪ੍ਰੇਰਨਾ, ਸੰਕਲਪ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਿਆ।
ਬੀ.ਐਫ.ਜੀ.ਆਈ. ਵਿਖੇ ਸਾਲਾਨਾ ਐਵਾਰਡ ਸਮਾਰੋਹ ਆਯੋਜਿਤ
7 Views
ਐਵਾਰਡ ਹਾਸਲ ਕਰਨ ਵਾਲਿਆਂ ਨੂੰ ਲਗਭਗ 35 ਲੱਖ ਰੁਪਏ ਦੇ ਇਨਾਮ ਪ੍ਰਦਾਨ ਕੀਤੇ ਗਏ
ਸੁਖਜਿੰਦਰ ਮਾਨ