ਮੁੱਖ ਮੰਤਰੀ ਚੰਨੀ ਵਲੋਂ ਸਿੱਧੂ ਨੂੰ ਮੋੜਵਾਂ ਜਵਾਬ, ਬੇਅਦਬੀ ਦੇ ਦੋਸ਼ੀਆਂ ਤੇ ਨਸ਼ੇ ਦੇ ਸੌਦਾਗਰਾਂ ਨਹੀਂ ਬਖ਼ਸੇ ਜਾਣਗੇ
ਐਸ.ਟੀ.ਐਫ ਦੀ ਜਾਂਚ ਸਹੀ ਰਾਹ ‘ਤੇ ਤੇਜੀ ਨਾਲ ਚੱਲ ਰਹੀ ਹੈ
ਡਰੱਗ ਮਾਫੀਆ ਖਿਲਾਫ ਰਿਪੋਰਟ ਖੁਲਣ ਨਾਲ ਨਸ਼ੇ ਦੇ ਵੱਡੇ ਸੌਦਾਗਰਾਂ ਦਾ ਹੋਵੇਗਾ ਪਰਦਾਫਾਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 6 ਨਵੰਬਰ: ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੰਗ ਫ਼ਸਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੁਣ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਕਰਾਰ ਵਧਣ ਲੱਗੀ ਹੈ। ਬੀਤੇ ਕੱਲ ਅਸਿੱਧੇ ਢੰਗ ਨਾਲ ਅਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਣ ਵਾਲੇ ਸ: ਸਿੱਧੂ ਵਲੋਂ ਅੱਜ ਅਚਾਨਕ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜ ਜਾਣ ਤੋਂ ਬਾਅਦ ਕਾਂਗਰਸ ਸਰਕਾਰ ਲਈ ਬਣਦੀ ਜਾ ਰਹੀ ਔਖੀ ਸਥਿਤੀ ਨੂੰ ਭਾਂਪਦਿਆਂ ਹੁਣ ਮੁੱਖ ਮੰਤਰੀ ਚੰਨੀ ਨੇ ਵੀ ਮੋੜਵਾ ਜਵਾਬ ਦਿੱਤਾ ਹੈ। ਅੱਜ ਬੇਲਾ-ਪਨਿਆਲੀ ਸੜਕ ਅਤੇ ਸੱਤਲੁਜ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਰੱਖੇ ਰਾਜ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਿੱਟ ਦੀ ਜਾਂਚ ਸਹੀ ਰਾਹ ‘ਤੇ ਤੇਜੀ ਨਾਲ ਚੱਲ ਰਹੀ ਹੈ ਅਤੇ ਜਲਦ ਕਾਰਵਾਈ ਹੋਵੇਗੀ। ਹਾਲਾਂਕਿ ਉਨ੍ਹਾਂ ਅਪਣੇ ਭਾਸਣ ਵਿਚ ਸਿੱਧੂ ਦਾ ਨਾਮ ਤਾਂ ਨਹੀਂ ਲਿਆ ਪ੍ਰੰਤੂ ਇਸ਼ਾਰਿਆਂ-ਇਸ਼ਾਰਿਆਂ ਵਿਚ ਉਨ੍ਹਾਂ ਨੂੰ ਸੁਣਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ‘‘ਮੈਂ ਗਰੀਬ ਜਰੂਰ ਹਾਂ ਪਰ ਕਮਜੋਰ ਨਹੀਂ।’’ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਧੱਕਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਡਰੱਗ ਮਾਫੀਆ ਖਿਲਾਫ ਰਿਪੋਰਟ ਖੁਲਣ ਨਾਲ ਕਈ ਨਸ਼ੇ ਦੇ ਕਈ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਹਰ ਫੈਸਲਾ ਪੂਰੀ ਇਮਾਨਦਾਰੀ ਅਤੇ ਦਿ੍ਰੜਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਿ੍ਰਸ਼ਟਾਚਾਰ ਖਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਵਚਨਬੱਧ ਹਨ।ਮੁੱਖ ਮੰਤਰੀ ਨੇ ਕਿਹਾ ਸਾਫ ਸੁਥਰੇ ਪ੍ਰਸ਼ਾਸਨ ਦੀ ਮਿਸਾਲ ਇਸ ਬਾਰ ਦਿਵਾਲੀ ਨੂੰ ਦੇਖਣ ਨੂੰ ਮਿਲੀ ਜਦੋਂ ਦੁਕਾਨਦਾਰਾਂ ਕੋਲੋਂ ਕੋਈ ਪੈਸੇ ਮੰਗਣ ਨਹੀਂ ਗਿਆ ਅਤੇ ਨਾ ਹੀ ਕਿਸੇ ਨੂੰ ਤੰਗ ਪੇ੍ਰਸ਼ਾਨ ਕੀਤਾ ਗਿਆ।
ਮੁੱਖ ਮੰਤਰੀ ਚੰਨੀ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ ਅਤੇ ਨਿੱਜੀ ਸੁਆਰਾਥਾਂ ਵਾਲੀ ਰਾਜਨੀਤੀ ਨੂੰ ਪਹਿਲ ਦਿੱਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਨੇ ਹਮੇਸ਼ਾ ਹੀ ਜਾਤ-ਪਾਤ ਅਤੇ ਧਰਮ ਦੇ ਨਾਮ ‘ਤੇ ਵੰਡੀਆਂ ਪਾ ਕੇ ਸਮਾਜ ਵਿਚ ਨਫਰਤ ਦੀ ਗੰਦੀ ਰਾਜੀਨਤੀ ਖੇਡੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸੱਤਾ ਵਿਚ ਹੋਣ ਮੋਕੇ ਉਨ੍ਹਾਂ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਣ ਵਾਲੇ ਥੀਮ ਪਾਰਕ ਦੇ ਨਿਰਮਾਣ ਕਾਰਜ ਨੁੰ ਪੂਰਾ ਕਰਨ ਲਈ ਕਈ ਬਾਰ ਬੇਨਤੀ ਕੀਤੀ, ਪਰ ਆਕਲੀਆਂ ਨੇ ਕਦੇ ਵੀ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਲਕਿ ਥੀਮ ਪਾਰਕ ਦੇ ਨਿਰਮਾਣ ਵਿਚ ਰੋੜੇ ਅੜਕਾਏ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਈ ਨਕਲੀ ਆਮ ਆਦਮੀ ਸਿਰਫ ਰਾਜਨੀਤੀ ਚਮਕਾਉਣ ਲਈ ਤੁਰੇ ਫਿਰਦੇ ਹਨ, ਜਿੰਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਤੱਕ ਦੀ ਸਮਝ ਵੀ ਨਹੀਂ।ਅਜਿਹੇ ਲੋਕ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਝੂਠੇ ਸਬਜਬਾਗ ਦਿਖਾ ਕੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਅਤੇ ਤਾਜ਼ਗੀ ਕਾਰਨ ਉਹ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਣ ਗਏ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਗਰੀਬ ਲੋਕਾਂ ਦੀਆਂ ਲੋੜਾਂ ਅਤੇ ਦਰਦ ਦਾ ਪਤਾ ਹੈ ਕਿਉਂਕਿ ਉਨਾਂ ਨੇ ਖੁਦ ਗਰੀਬੀ ਹੰਢਾਈ ਹੈ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲਏ ਜਾ ਰਹੇ ਲੋਕ ਪੱਖੀ ਫੈਸਲੇ ਇਸ ਦੀ ਮਿਸਾਲ ਹਨ ਜਿੰਨਾਂ ਵਿਚ ਹਰ ਵਰਗ ਦੇ ਲੋਕਾਂ ਦੀਆਂ ਜਮੀਨੀ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਸ਼੍ਰੀ ਦਰਸ਼ਨ ਲਾਲ ਮੰਗੂਪੁਰੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਤੱਕ ਹਰ ਇੱਕ ਦੀ ਪਹੁੰਚ ਹੈ ਜਿਸ ਦੇ ਚਲਦਿਆਂ ਸਮਾਜ ਦੇ ਸਭ ਵਰਗਾਂ ਦੀ ਸੁਣਵਾਈ ਕਰਕੇ ਸਿੱਧੇ ਮਸਲੇ ਹੱਲ ਕੀਤੇ ਜਾ ਰਹੇ ਹਨ।
ਸਿੱਧੂ ਦੇ ਹਮਲਾਵਾਰ ਰੁੱਖ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਪਲਟਵਾਰ
16 Views