ਮੰਡੀਆਂ ’ਚ ਵਿਕਣ ਲਈ ਆਇਆ ਨਰਮਾ ਤੇ ਝੋਨਾ ਭਿੱਜਿਆ
ਸੁਖਜਿੰਦਰ ਮਾਨ
ਬਠਿੰਡਾ, 18 ਅਕਤੂਬਰ : ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਆਰਥਿਕ ਤੌਰ ’ਤੇ ਖ਼ਤਮ ਹੋਣ ਦੇ ਕੰਢੇ ਪੁੱਜਿਆ ਬਠਿੰਡਾ ਪੱਟੀ ਦਾ ਕਿਸਾਨ ਹੁਣ ਆ ਰਹੀ ਬੇਮੌਸਮੀ ਬਾਰਸ਼ ਕਾਰਨ ਚਿੰਤਾਂ ਵਿਚ ਆ ਗਿਆ ਹੈ। ਅੱਜ ਦੁਪਿਹਰ ਪੂਰੇ ਇਲਾਕੇ ’ਚ ਥੋੜੀ-ਬਹੁਤ ਹੋਈ ਇਸ ਬਾਰਸ਼ ਕਾਰਨ ਮੰਡੀਆਂ ’ਚ ਵਿਕਣ ਲਈ ਆਏ ਨਰਮੇ ਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਜਦੋਂਕਿ ਖੇਤਾਂ ’ਚ ਖੜੀ ਝੋਨੇ ਦੀ ਫ਼ਸਲ ਦੀ ਕਟਾਈ ਦਾ ਕੰਮ ਵੀ ਲੇਟ ਹੋ ਗਿਆ। ਬਠਿੰਡਾ ਮੰਡੀ ਵਿਚ ਮੌਕੇ ’ਤੇ ਜਾਣ ਤੋਂ ਬਾਅਦ ਜਾਣਕਾਰੀ ਮਿਲੀ ਕਿ ਨਰਮੇ ਉਪਰ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਦੂੁਹਰੀ ਮਾਹਰ ਪੈ ਗਈ ਤੇ ਆੜਤੀਆਂ ਵਲੋਂ ਕੀਤੇ ਫੈਸਲੇ ਮੁਤਾਬਕ ਪ੍ਰਤੀ ਨਗ ਦੋ ਸੋ ਗ੍ਰਾਂਮ ਦੀ ਕਾਟ ਲਗਾ ਦਿੱਤੀ ਗਈ। ਅੱਜ ਇਕੱਲੀ ਬਠਿੰਡਾ ਮੰਡੀ ਵਿਚ ਹੀ 300 ਕੁਇੰਟਲ ਦੇ ਕਰੀਬ ਨਰਮਾ ਵਿਕਣ ਲਈ ਆਇਆ ਸੀ, ਜਿਸ ਵਿਚੋਂ ਅੱਧੇ ਤੋਂ ਜਿਆਦਾ ਫ਼ੜ ਦੇ ਬਾਹਰ ਹੀ ਪਿਆ ਹੋਇਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਅਪਣੀ ਫ਼ਸਲ ਨੂੰ ਮੰਡੀ ’ਚ ਵਿਕਣ ਲਈ ਲੈ ਕੇ ਆਏ ਹੋਏ ਸਨ ਤੇ ਬੋਲੀ ਵੀ ਲੱਗ ਚੁੱਕੀ ਸੀ ਤੇ ਹੁਣ ਉਨ੍ਹਾਂ ਨੂੰ ਕਾਟ ਲਗਾਉਣੀ ਸਹੀ ਨਹੀਂ ਹੈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਤੁਰੰਤ ਬੋਲੀ ਲੱਗ ਚੁੱਕੇ ਨਰਮੇ ਦੀ ਤੁਲਾਈ ਕੀਤੀ ਜਾਵੇ। ਉਧਰ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨੇ ਦਾਅਵਾ ਕੀਤਾ ਕਿ ਆੜਤੀ ਕਿਸਾਨ ਭਰਾਵਾਂ ਦੇ ਨਾਲ ਹਨ ਤੇ ਸਿਰਫ਼ ਉਥੇ ਹੀ ਥੋੜੀ ਕਾਟ ਲਗਾਈ ਗਈ ਹੈ, ਜਿੱਥੇ ਨਰਮੇ ਦੀ ਫ਼ਸਲ ਕਾਫ਼ੀ ਗਿੱਲੀ ਹੋ ਗਈ ਸੀ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਆੜਤੀਆਂ ਵਲੋਂ ਤੁਰੰਤ ਫ਼ਸਲ ਢਕਣ ਲਈ ਤਰਪਾਲਾਂ ਅਤੇ ਹੋਰ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ। ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਨੇ ਦਸਿਆ ਕਿ ਅਧਿਕਾਰੀਆਂ ਨੂੰ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਕਿਹਾ ਗਿਆ ਹੈ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਹੀ ਕਰੀਬ ਢਾਈ ਲੱਖ ਏਕੜ ਰਕਬੇ ਵਿਚ ਨਰਮੇ ਦੀ ਬੀਜਾਈ ਕੀਤੀ ਗਈ ਸੀ ਪ੍ਰੰਤੂ ਅੱਧੇ ਤੋਂ ਵੱਧ ਖੇਤਰ ਵਿਚ ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋ ਗਿਆ ਸੀ।