ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਆਪਣੀਆਂ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਪੰਜਾਬ) ਦੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਜੱਥੇਬੰਦੀ ਦੀ 17 ਫ਼ਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਸਿੱਖਿਆ ਮੰਤਰੀ ਨੇ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਾਸਟਰ ਕੇਡਰ ਦੀ ਵੱਡੀ ਗਿਣਤੀ ਵਿੱਚ ਨਵੀਂ ਭਰਤੀ, ਨੌਕਰੀ ਲਈ ਬੀ.ਏ ਵਿੱਚੋ 55% ਦੀ ਸ਼ਰਤ ਨੂੰ ਰੱਦ ਕਰਨ, ਸਕੂਲ ਲੈਕਚਰਾਰ ਦੀ ਭਰਤੀ ਜਿਸਦਾ ਪੇਪਰ 19 ਮਾਰਚ ਨੂੰ ਹੋਣਾ ਹੈ, ਉਸ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ, ਨੌਕਰੀ ਲਈ ਪੰਜਾਬੀ ਵਿਸ਼ੇ ਦਾ ਪੇਪਰ ਕੇਵਲ ਦੂਜੇ ਰਾਜਾਂ ਦੇ ਉਮੀਦਵਾਰਾਂ ਤੋਂ ਲੈਣ ਆਦਿ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ। ਪਰ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਸਾਫ ਇੰਨਕਾਰ ਕਰ ਦਿੱਤਾ ਗਿਆ। ਜਿਸਦੇ ਚੱਲਦੇ ਫੈਸਲਾ ਕੀਤਾ ਹੈ ਕਿ ਆਉਣ ਵਾਲੀ 25 ਫ਼ਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਜਿੱਥੇ ਵੀ ਸਿੱਖਿਆ ਮੰਤਰੀ ਜਾਣਗੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸੂਬਾ ਖ਼ਜ਼ਾਨਚੀ ਹਰਵਿੰਦਰ ਸਿੰਘ ਬਠਿੰਡਾ,ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ, ਸੰਦੀਪ ਸਿੰਘ ਮੋਫ਼ਰ, ਸੁਖਪਾਲ ਖਾਨ ਤੇ ਬਲਰਾਜ ਮੌੜ ਆਦਿ ਹਾਜ਼ਰ ਸਨ।
ਬੇਰੁਜ਼ਗਾਰ ਅਧਿਆਪਕ ਕਰਨਗੇ 25 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
6 Views