ਏਜੰਟ ਨੂੰ ਪੈਸੇ ਦੇਣ ਲਈ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਤੇ ਏਜੰਟ ਦੇ ਸਾਥੀ ਨੂੰ ਕੀਤਾ ਅਗਵਾ
ਸੁਖਜਿੰਦਰ ਮਾਨ
ਬਠਿੰਡਾ, 16 ਅਪ੍ਰੈਲ: ਸੂਬੇ ’ਚ ਸੱਤਾ ਤਬਦੀਲੀ ਦੇ ਬਾਵਜੂਦ ਲੁਟੇਰਿਆਂ ਦੇ ਹੋਸਲੇ ਬੁਲੰਦ ਹਨ। ਅੱਜ ਬਠਿੰਡਾ ’ਚ ਹੋਈ ਵਿਲੱਖਣ ਘਟਨਾ ਵਿਚ ਪੁਲਿਸ ਵਰਦੀ ’ਚ ਪੁੱਜੇ ਲੁਟੇਰਿਆਂ ਨੇ ਸਵੇਰੇ ਕਰੀਬ ਚਾਰ ਵਜੇਂ ਇੱਕ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਤੇ ਉਨ੍ਹਾਂ ਦੇ ਨਾਲ ਰੁਕੇ ਟਰੈਵਲ ਏਜੰਟ ਦੇ ਸਾਥੀ ਨੂੰ ਅਗਵਾ ਕਰਕੇ 42 ਲੱਖ ਰੁਪਏ ਲੁੱਟ ਲਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪ੍ਰੰਤੂ ਸ਼ਾਮ ਤੱਕ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਿਆ ਸੀ। ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਦੇ ਪ੍ਰਵਾਰ ਦਾ ਇੱਕ ਲੜਕਾ ਕੈਨੇਡਾ ਜਾ ਰਿਹਾ ਸੀ, ਜਿਸਨੂੰ ਭੇਜਣ ਲਈ ਉਨ੍ਹਾਂ ਵਲੋਂ ਇੱਕ ਟਰੈਵਲ ਏਜੰਟ ਨਾਲ 42 ਲੱਖ ਰੁਪਏ ਦੀ ਗੱਲ ਕੀਤੀ ਗਈ ਸੀ। ਸੂਤਰਾਂ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਤੈਅ ਹੋਈ ਡੀਲ ਮੁਤਾਬਕ ਇੱਕ ਪਾਸੇ ਲੜਕੇ ਨੇ ਕੈਨੇਡਾ ਵਾਲਾ ਜਹਾਜ਼ ਚੜਣਾ ਸੀ ਤੇ ਦੂਜੇ ਪਾਸੇ ਪ੍ਰਵਾਰ ਨੇ ਟਰੈਵਲ ਏਜੰਟ ਦੇ ਸਾਥੀ ਨੂੰ 42 ਲੱਖ ਦੇਣਾ ਸੀ। ਇਸਦੇ ਲਈ ਪ੍ਰਵਾਰ ਦੇ ਦੋ ਮੈਂਬਰ ਅਤੇ ਏਜੰਟ ਦਾ ਇੱਕ ਸਾਥੀ ਸਥਾਨਕ ਸ਼ਹਿਰ ਦੇ ਹਨੂੰਮਾਨ ਚੌਕ ਸਥਿਤ ਹੋਟਲ ਫਾਈਵ ਰਿਵਰ ਦੇ ਕਮਰਾ ਨੰਬਰ 203 ਅਤੇ 204 ਵਿਚ ਠਹਿਰੇ ਹੋਏ ਸਨ। ਇੰਨ੍ਹਾਂ ਕੋਲ 42 ਲੱਖ ਰੁਪਏ ਦੀ ਨਗਦੀ ਵੀ ਮੌਜੂਦ ਸੀ, ਜਿਹੜੇ ਲੜਕੇ ਦੇ ਜਹਾਜ ਚੜਣ ਤੋਂ ਬਾਅਦ ਦਿੱਤੀ ਜਾਣੀ ਸੀ। ਇਸ ਦੌਰਾਨ ਕਰੀਬ ਚਾਰ ਵਜੇਂ ਪੁਲਿਸ ਵਰਦੀ ਵਿਚ ਆਏ ਦੋ ਵਿਅਕਤੀਆਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਕਮਰੇ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਤੇ ਸਮੇਤ ਪੈਸੇ ਤਿੰਨਾਂ ਨੂੰ ਨਾਲ ਲੈ ਗਏ, ਜਿੰਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਵਰਿੰਦਰ ਸਿੰਘ ਵਾਸੀ ਫ਼ਰੀਦਕੋਟ ਅਤੇ ਨਿਸਾਨ ਸਿੰਘ ਵਾਸੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ। ਇਸ ਦੌਰਾਨ ਵਰਦੀਧਾਰੀ ਲੁਟੇਰੇ ਉਨ੍ਹਾਂ ਤੋਂ ਪੈਸੇ ਖੋਹ ਕੇ ਉਨ੍ਹਾਂ ਨੂੰ ਮਲੋਟ ਰੋਡ ‘ਤੇ ਉਤਾਰ ਕੇ ਫਰਾਰ ਹੋ ਗਏ, ਜਿਸਤੋਂ ਬਾਅਦ ਪੀੜਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬੇਖ਼ੋਫ਼ ਲੁਟੇਰੇ, ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ 42 ਲੱਖ ਲੁੱਟੇ
6 Views