ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਲੰਘੀ 3 ਮਾਰਚ ਨੂੰ ਸ਼ਹਿਰ ਦੇ ਨਾਮਦੇਵ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਵਿੱਤੀ ਸੰਸਥਾ ਬੰਧਨ ਬੈਂਕ ’ਚ ਦਾਖਲ ਹੋ ਕੇ ਲੱਖਾਂ ਰੁਪਇਆ ਦੀ ਨਗਦੀ ਨਾਲ ਭਰਿਆ ਬੈਗ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਿਵਲ ਲਾਈਨ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇੇ ਕਥਿਤ ਦੋਸ਼ੀਆਂ ਦੀ ਪਹਿਚਾਣ ਮਨਪ੍ਰਰੀਤ ਸਿੰਘ ਉਰਫ਼ ਗਗਨਪ੍ਰੀਤ ਗਿੱਲ ਵਾਸੀ ਮੁਲਤਾਨੀਆ ਤੇ ਅਮਰਜੀਤ ਸਿੰਘ ਉਰਫ਼ ਕਾਕਾ ਵਾਸੀ ਬੀੜ ਤਾਲਾਬ ਬਸਤੀ ਨੰਬਰ 2 ਜ਼ਿਲ੍ਹਾ ਬਠਿੰਡਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਕੋਲੋਂ ਬੈਂਕ ’ਚੋਂ ਚੋਰੀ ਕੀਤੀ ਨਗਦੀ ਵਿਚੋਂ 36,000 ਰੁਪਏ ਬਰਾਮਦ ਕਰ ਲਏ ਗਏ ਹਨ ਜਦੋਂਕਿ 1,6,000 ਰੁਪਏ ਦੀ ਰਾਸ਼ੀ ਉਨ੍ਹਾਂ ਖ਼ਰਚ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਉਕਤ ਕਥਿਤ ਦੋਸੀਆਂ ਨੇ 3 ਮਾਰਚ ਨੂੰ ਪ੍ਰਾਈਵੇਟ ਬੈਂਕ ਵਿਚ ਦਾਖ਼ਲ ਹੋ ਕੇ ਇੱਕ ਪੈਸਿਆਂ ਨਾਲ ਭਰਿਆ ਬੈਗ ਚੁੱਕ ਲਿਆ ਸੀ। ਇਹ ਵੀ ਪਤਾ ਲੱਗਿਆ ਕਿ ਮੁਜ਼ਰਮ ਅਮਰਜੀਤ ਸਿੰਘ ਵਿਰੁਧ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। ਇਸੇ ਤਰਾਂ ਇੱਕ ਹੋਰ ਮਾਮਲੇ ਵਿਚ 16 ਮਾਰਚ ਨੂੰ ਪਾਵਰ ਹਾਊਸ ਰੋਡ ਦੀ ਗਲੀ ਨੰਬਰ 6/3 ਵਿਚ ਅਪਣੇ ਘਰ ਦੇ ਗੇਟ ਅੱਗੇ ਖੜ੍ਹੀ ਇਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਦੇ ਕੋਲੋਂ ਖੋਹੀ ਸੋਨੇ ਦੀ ਚੇਨ ਵੀ ਬਰਾਮਦ ਕਰ ਲਈ ਹੈ। ਕਥਿਤ ਦੋਸ਼ੀ ਦੀ ਪਹਿਚਾਣ ਅਮਨਦੀਪ ਸ਼ਰਮਾ ਦੇ ਤੌਰ ’ਤੇ ਹੋਈ ਹੈ। ਇੱਕ ਹੋਰ ਮਾਮਲੇ ਵਿਚ 28 ਜਨਵਰੀ ਨੂੰ ਭਾਗੂ ਰੋਡ ’ਤੇ ਸਥਿਤ ਇਕ ਦੁਕਾਨ ਵਿਚ ਲਗਾਤਾਰ ਦੋ ਵਾਰ ਚੋਰੀਆਂ ਕਰਨ ਵਾਲੇ ਮੁਜਰਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਪਹਿਚਾਣ ਰਾਕੇਸ਼ ਕੁਮਾਰ ਵਾਸੀ ਗਲੀ ਨੰਬਰ 2, ਬੈਕ ਸਾਈਡ ਰਾਮਬਾਗ ਰੋਡ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਸਦੇ ਕੋਲੋ ਇਕ ਐਲਈਡੀ, ਇਕ ਗੈਸ ਚੁੱਲ੍ਹਾ ਅਤੇ ਕੀਮਤੀ ਕੱਪੜੇ ਬਰਾਮਦ ਕੀਤੇ ਹਨ। ਕਥਿਤ ਦੋਸ਼ੀ ਨੇ 25 ਜਨਵਰੀ ਨੂੰ ਉਕਤ ਦੁਕਾਨ ’ਤੇ ਚੋਰੀ ਕੀਤੀ ਸੀ।
Share the post "ਬੰਧਨ ਬੈਂਕ ’ਚ ਪੈਸਿਆਂ ਵਾਲਾ ਬੈਗ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ, 36 ਹਜ਼ਾਰ ਬਰਾਮਦ, ਬਾਕੀ ਕੀਤੇ ਖ਼ਰਚ"