ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬੀਤੀ ਦੇਰ ਸ਼ਾਮ ਸ਼ਹਿਰ ਦੇ ਧੋਬੀਆਣਾ ਬਸਤੀ ’ਚ ਇੱਕ ਪਤੀ ਵਲੋਂ ਅਪਣੇ ਪ੍ਰਵਾਰਕ ਮੈਂਬਰਾਂ ਨਾਲ ਮਿਲਕੇ ਅਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਪੜਤਾਲ ਮੁਤਾਬਕ ਇਸ ਘਟਨਾ ਦੇ ਪਿੱਛੇ ਮੁੱਖ ਕਾਰਨ ਮਿ੍ਰਤਕ ਦੇ ਵਿਆਹ ਤੋਂ ਅੱਠ ਸਾਲ ਬਾਅਦ ਵੀ ਬੱਚਾ ਨਾ ਹੋਣਾ ਦਸਿਆ ਜਾ ਰਿਹਾ। ਮਿ੍ਰਤਕਾ ਦੀ ਪਹਿਚਾਣ ਆਰਤੀ (25) ਦੇ ਤੌਰ ’ਤੇ ਹੋਈ ਹੈ। ਇਸ ਮਾਲਮੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਆਰਤੀ ਦੀ ਮਾਤਾ ਸੁਨੀਤਾ ਦੇਵੀ ਦੇ ਬਿਆਨਾਂ ਉਪਰ ਉਸਦੇ ਪਤੀ ਰਾਜੂ, ਦਿਉਰ ਭੋਲਾ, ਮਾਸੀ ਸ਼ਰਮ ਕਲਾ ਅਤੇ ਮਾਸੜ ਸਹੁਰਾ ਸੰਤੋਸ਼ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੇ ਪ੍ਰਵਾਰਕ ਮੈਂਬਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਚ ਦਸਿਆ ਕਿ ਆਰਤੀ ਦਾ ਵਿਆਹ ਅੱਠ ਸਾਲ ਪਹਿਲਾਂ ਕਥਿਤ ਦੋਸ਼ੀ ਧੋਬੀਆਣਾ ਬਸਤੀ ਦੇ ਰਾਜੂ ਨਾਲ ਹੋਇਆ ਸੀ। ਬਦਕਿਸਮਤੀ ਨਾਲ ਆਰਤੀ ਦੇ ਕੋਈ ਬੱਚਾ ਨਹੀਂ ਹੋ ਸਕਿਆ ਸੀ, ਜਿਸਦੇ ਲਈ ਸਹੁਰਾ ਪ੍ਰਵਾਰ ਉਸਨੂੰ ਜਿੰਮੇਵਾਰ ਠਹਿਰਾ ਰਿਹਾ ਸੀ। ਇਸੇ ਤਰ੍ਹਾਂ ਸਹੁਰੇ ਘਰ ਵਸਣ ਲਈ ਦਾਜ਼ ਦਹੇਜ਼ ਦੀ ਮੰਗ ਕੀਤੀ ਜਾਂਦੀ ਸੀ। ਜਿਸਦੇ ਚੱਲਦੇ ਉਸਦੀ ਕੁੱਟਮਾਰ ਵੀ ਕੀਤੀ ਜਾਂਦੀ ਰਹੀ ਸੀ। ਇਸ ਮਾਮਲੇ ਵਿਚ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਪੰਚਾਇਤੀ ਰਾਜ਼ੀਨਾਮੇ ਵੀ ਹੋਏ ਸਨ। ਬੀਤੀ ਦੇਰ ਸ਼ਾਮ ਵੀ ਕਥਿਤ ਦੋਸ਼ੀਆਂ ਵਲੋਂ ਆਰਤੀ ਦੀ ਕੁੱਟਮਾਰ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਜਦ ਲੜਕੀ ਦੇ ਪੇਕੇ ਪ੍ਰਵਾਰ ਵਾਲੇ ਮੌਕੇ ’ਤੇ ਪੁੱਜੇ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਬੱਚਾ ਨਾ ਹੋਣ ’ਤੇ ਪਤੀ ਵਲੋਂ ਪਤਨੀ ਦਾ ਕਤਲ
7 Views