Punjabi Khabarsaar
ਬਠਿੰਡਾ

ਬੱਚੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਬਠਿੰਡਾ-ਭੁੱਚੋ ਰੋਡ ’ਤੇ ਸਥਿਤ ਸੰਤ ਕਬੀਰ ਕਾਨਵੈਂਟ ਸਕੂਲ ਦੇ ਐਮ.ਡੀ ਦੇ ਪੋਤਰੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਦੋ ਦੋਸ਼ੀਆਂ ਨੂੰ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਦਈ ਧਿਰ ਦੇ ਸੀਨੀਅਰ ਵਕੀਲਾਂ ਕਰਮਿੰਦਰ ਸਿੰਘ ਸੋਢੀ ਤੇ ਅੰਮਿ੍ਰਤਪਾਲ ਸਿੰਘ ਨੇ ਦਸਿਆ ਕਿ ਮੁੱਖ ਦੋਸ਼ੀ ਜੈਦੇਵ ਉਕਤ ਸਕੂਲ ਦਾ ਸਾਬਕਾ ਅਧਿਆਪਕ ਸੀ ਤੇ ਪ੍ਰਬੰਧਕਾਂ ਨਾਲ ਵਿਵਾਦ ਹੋਣ ’ਤੇ ਹਟਾ ਦਿੱਤਾ ਗਿਆ ਸੀ। ਜਿਸਤੋਂ ਬਾਅਦ ਉਸਨੇ ਬਦਲਾ ਲੈਣ ਲਈ 27 ਸਤੰਬਰ 2017 ਨੂੰ ਸਕੂਲ ਦੇ ਐਮ.ਡੀ ਪੋ੍ਫ਼ੈਸਰ ਐੱਮਐੱਲ ਅਰੋੜਾ ਦੇ ਸਥਾਨਕ ਸੈਂਟ ਜੋਸਫ਼ ਸਕੂਲ ’ਚ ਛੇਵੀਂ ਕਲਾਸ ਵਿਚ ਪੜ੍ਹਦੇ ਪੋਤਰੇ ਸੋਮਲ ਅਰੋੜਾ ਨੂੰ ਅਪਣੇ ਸਾਥੀ ਬਲਜੀਤ ਕੁਮਾਰ ਦੀ ਮੱਦਦ ਨਾਲ ਸਕੂਲ ਵਿਚੋਂ ਛੁੱਟੀ ਹੋਣ ਸਮੇਂ ਏਸੈਂਟ ਕਾਰ ’ਤੇ ਅਗਵਾ ਕਰਕੇ ਡੱਬਵਾਲੀ ਵੱਲ ਲੈ ਗਏ ਸਨ। ਇਸ ਦੌਰਾਨ ਅਰੋੜਾ ਤੋਂ ਪੋਤੇ ਨੂੰ ਸਹੀ ਸਲਾਮਤ ਛੱਡਣ ਬਦਲੇ 50 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ ਪ੍ਰੰਤੂ ਪ੍ਰਵਾਰ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਜਿਸਤੋਂ ਬਾਅਦ ਪੁਲਿਸ ਨੰਬਰ ਨੂੰ ਟਰੇਸ ਕਰਨ ਤੋਂ ਪਿੱਛੇ ਲੱਗ ਗਈ ਤੇ ਸੰਗਤ ਮੰਡੀ ਕੋਲ ਸਥਿਤ ਪਿੰਡ ਕੁਟੀ ਕਿਸ਼ਨਪੁਰਾ ਕੋਲ ਦੋਸ਼ੀਆਂ ਦੀ ਗੱਡੀ ਨੂੰ ਪੁਲਿਸ ਨੇ ਘੇਰ ਲਿਆ ਸੀ ਪ੍ਰੰਤੂ ਇਸ ਦੌਰਾਨ ਇੰਨ੍ਹਾਂ ਦੋਸ਼ੀਆਂ ਨੇ ਪੁਲਿਸ ਉਪਰ ਵੀ ਗੱਡੀ ਚੜਾ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਪੁਲਿਸ ਵਾਲੇ ਬਚ ਗਏ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਫ਼ਿਰੌਤੀ ਲਈ ਵਰਤੀ ਗਈ ਗੱਡੀ ਉਪਰ ਵੀ ਜਾਅਲੀ ਨੰਬਰ ਲਗਾਇਆ ਹੋਇਆ ਸੀ। ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਜੈਦੇਵ ਤੇ ਬਲਜੀਤ ਕੁਮਾਰ ਵਿਰੁਧ ਧਾਰਾ 364 ਏ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ ਜਦੋਂਕਿ ਸੰਗਤ ਪੁਲਿਸ ਨੇ ਇੰਨ੍ਹਾਂ ਵਿਰੁਧ ਪੁਲਿਸ ਜਵਾਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਅਲੱਗ ਕੇਸ ਦਰਜ਼ ਕੀਤਾ ਸੀ। ਬਾਅਦ ਵਿਚ ਇਸ ਕੇਸ ਵਿਚ ਹਰਭਜਨ ਸਿੰਘ ਉਰਫ਼ ਹੈਰੀ ਨਾਂ ਦੇ ਵਿਅਕਤੀ ਦੀ ਵੀ ਸਮੂਲੀਅਤ ਸਾਹਮਣੇ ਆਈ ਸੀ। ਇਸ ਕੇਸ ਵਿਚ ਚੱਲ ਰਹੀ ਸੁਣਵਾਈ ਦਾ ਫੈਸਲਾ ਸੁਣਾਉਂਦਿਆਂ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਬੱਚਾ ਅਗਵਾ ਕਰਨ ਦੇ ਦੋਸ਼ਾਂ ਹੇਠ ਉਮਰ ਕੈਦ, ਧਾਰਾ 353 ਤਹਿਤ 2 ਸਾਲ, 323 ਤਹਿਤ 1 ਸਾਲ, ਆਰਮਜ ਐਕਟ ਤਹਿਤ 2 ਸਾਲ ਅਤੇ 186 ਤਹਿਤ 3 ਮਹੀਨੇ ਸਜ਼ਾ ਸੁਣਾਈ ਸੀ। ਜਦੋਂਕਿ ਹਰਭਜਨ ਉਰਫ ਹੈਰੀ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਸਤੋਂ ਇਲਾਵਾ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।

Related posts

21 ਮਈ ਨੂੰ ਬਠਿੰਡਾ ’ਚ ਹੋਵੇਗੀ ਜੋਨ ਪੱਧਰੀ ਕਨਵੈਨਸ਼ਨ: ਮਹੀਪਾਲ

punjabusernewssite

ਵਿੱਤ ਮੰਤਰੀ ਨੇ ਪ੍ਰਵਾਰ ਸਹਿਤ ਬਠਿੰਡਾ ’ਚ ਵਿੱਢੀ ਅਗੇਤੀ ਚੋਣ ਮੁਹਿੰਮ

punjabusernewssite

19 ਮਾਰਚ ਨੂੰ ਹੋਵੇਗੀ 5ਵੀਂ ਸਲਾਨਾ ਹਾਫ਼ ਮੈਰਾਥਨ : ਡਿਪਟੀ ਕਮਿਸ਼ਨਰ

punjabusernewssite