ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣ ’ਚ ਲਗਾਏ ਫ਼ੇਲ ਹੋਣ ਦੇ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 13 ਜੂਨ : ਸੂਬੇ ’ਚ ਲਗਾਤਾਰ ਹੋ ਰਹੇ ਕਤਲਾਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿਰੋਧ ’ਚ ਸੋਮਵਾਰ ਸ਼ਾਮ ਨੂੰ ਸਥਾਨਕ ਫ਼ਾਈਰ ਬਿ੍ਰਗੇਡ ਚੌਕ ਵਿਚ ਭਾਜਪਾ ਦੇ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਤੇ ਭਾਰਤ ਭੂਸਣ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਏ ਭਾਜਪਾਈਆਂ ਨੇ ਇਸ ਮੌਕੇ ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣ ’ਚ ਫ਼ੇਲ ਹੋਣ ਦੇ ਦੋਸ਼ ਲਗਾਉਂਦਿਆਂ ਆਪ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਪਾਰਟੀ ਆਗੂਆਂ ਮੋਹਨ ਲਾਲ ਗਰਗ, ਰਾਜ ਨੰਬਰਦਾਰ, ਅਸੋਕ ਭਾਰਤੀ, ਰਵੀਪ੍ਰੀਤ ਸਿੰਘ ਸਿੱਧੂ ਆਦਿ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦਾ ਮਾਹੌਲ ਸੁਰੱਖਿਆ ਦੇ ਨਜਰੀਏ ਤੋਂ ਚਿੰਤਾਜਨਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਘਟਨਾਵਾਂ ਕਾਰਨ ਪੰਜਾਬ ਵਿੱਚ ਸਹਿਮ ਦਾ ਮਾਹੌਲ ਹੈ। ਇਸੇ ਤਰ੍ਹਾਂ ਭਾਜਪਾ ਆਗੂਆਂ ਨੇ ਆਪ ’ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁਕਰਨ ਦੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਔਰਤਾਂ ਨੂੰ 1000 ਮਹੀਨਾ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ। ਇਸ ਮੌਕੇ ਨਰਿੰਦਰ ਮਿੱਤਲ, ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਉਮੇਸ਼ ਸ਼ਰਮਾ, ਦੀਨਵ ਸਿੰਗਲਾ, ਜੇਅੰਤ ਸ਼ਰਮਾ, ਰਾਜੇਸ ਨੌਨੀ, ਗੁਰਜੀਤ ਮਾਨ, ਪਿ੍ਰਤਪਾਲ ਸਿੰਘ ਬੀਬੀਵਾਲਾ, ਨਰੇਸ਼ ਮਹਿਤਾ ਆਦਿ ਹਾਜ਼ਰ ਸਨ।
ਭਾਜਪਾ ਆਗੂਆਂ ਤੇ ਵਰਕਰਾਂ ਨੇ ਫ਼ੂਕਿਆ ਪੰਜਾਬ ਸਰਕਾਰ ਦਾ ਪੁਤਲਾ
192 Views