ਬਠਿੰਡਾ ਦੇ ਬੰਦ ਪਏ ਸਿਵਲ ਏਅਰਪੋਰਟ ’ਤੇ ਵੀ ਮੁੜ ਜਹਾਜਾਂ ਦੀ ਉੜਾਣ ਲਈ ਮੰਤਰੀ ਨੂੰ ਮਿਲਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,10 ਮਈ : ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਅਤੇ ਜਿਲ੍ਹਾ ਪ੍ਰਧਾਨ (ਸ਼ਹਿਰੀ)ਸਰੂਪ ਚੰਦ ਸਿੰਗਲਾ ਸਹਿਤ ਪੰਜਾਬ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਆਦਿ ਭਾਜਪਾ ਆਗੂਆਂ ਨੇ ਪੰਜਾਬ ਵਿਚੋਂ ਵੱਡੀ ਪੱਧਰ ’ਤੇ ਵਿਦਿਆਰਥੀਆਂ ਦੇ ਹੋ ਰਹੇ ਪ੍ਰਵਾਸ ਦੇ ਚੱਲਦਿਆਂ ਕੇਂਦਰ ਸਰਕਾਰ ਨੂੰ ਮੁਹਾਲੀ ਅਤੇ ਅੰਮ੍ਰਿਤਸਰ ਦੇ ਅੰਤਰਰਾਸਟਰੀ ਹਵਾਈ ਅੱਡਿਆਂ ਤੋਂ ਕੈਨੇਡਾ ਲਈ ਸਿੱਧੀਆਂ ਫ਼ਲਾਈਟਾਂ ਸ਼ੁਰੂ ਕਰਨ ਦੀ ਮੰਗ ਰੱਖੀ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਭਾਜਪਾ ਆਗੂਆਂ ਨੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਬਠਿੰਡਾ ਦੇ ਸਿਵਲ ਏਅਰਪੋਰਟ ’ਤੇ ਵੀ ਮੁੜ ਦਿੱਲੀ ਅਤੇ ਹੋਰਨਾਂ ਸਹਿਰਾਂ ਲਈ ਜਹਾਜਾਂ ਦੀ ਉੜਾਣ ਸ਼ੁਰੂ ਕਰਵਾਉਣ ਲਈ ਕੇਂਦਰੀ ਹਵਾਬਾਜੀ ਮੰਤਰੀ ਨੂੰ ਮਿਲਣ ਦਾ ਐਲਾਨ ਕੀਤਾ ਹੈ। ਸ: ਨਕਈ ਅਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚੋਂ ਹਰ ਰੋਜ਼ ਸੈਕੜਿਆਂ ਦੀ ਤਾਦਾਦ ਵਿਚ ਵਿਦਿਆਰਥੀ ਪੜਾਈ ਲਈ ਕੈਨੇਡਾ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਫ਼ਲਾਈਟ ਲੈਣੀ ਪੈਦੀ ਹੈ, ਜਿਸਦੇ ਨਾਲ ਨਾ ਸਿਰਫ਼ ਉਨ੍ਹਾਂ ਉਪਰ ਵੱਧ ਆਰਥਿਕ ਬੋਝ ਪੈਦਾ ਹੈ, ਬਲਕਿ ਖੱਜਲਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਿਸਦੇ ਚੱਲਦੇ ਜੇਕਰ ਮੁਹਾਲੀ ਅਤੇ ਅੰਮ੍ਰਿਤਸਰ ਦੇ ਅੰਤਰਾਸਟਰੀ ਹਵਾਈ ਅੱਡਿਆਂ ਤੋਂ ਹਫ਼ਤੇ ’ਚ ਟਰਾਂਟੋ ਅਤੇ ਵੈਨਕੁਵਰ ਲਈ ਦੋ-ਦੋ ਫ਼ਲਾਈਟਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਇਸਦੇ ਨਾਲ ਪੰਜਾਬ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ। ਇਸਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਬਠਿੰਡਾ ਦਾ ਹਵਾਈ ਅੱਡਾ ਜਿਸ ਦਾ ਸਾਰਾ ਸਿਸਟਮ ਬਣਿਆ ਹੋਇਆ ਹੈ, ਨੂੰ ਵੀ ਦੁਬਾਰਾ ਸ਼ੁਰੂ ਕੀਤਾ ਜਾਵੇੇ। ਨਕਈ ਨੇ ਕਿਹਾ ਕਿ ਬਠਿੰਡਾ ਦਾ ਹਵਾਈ ਅੱਡਾ ਮਾਲਵਾ ਇਲਾਕੇ ਦੀ ਤਰੱਕੀ ਵਿਚ ਅਹਿਮ ਰੋਲ ਨਿਭਾਏਗਾ। ਨਕਈ ਅਤੇ ਸਿੰਗਲਾ ਨੇ ਦਾਅਵਾ ਕੀਤਾ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਭਾਰੀ ਬਹੁਮਤ ਨਾਲ ਜਿੱਤਣਗੇ ਕਿਉਕ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਤੇ ਪੰਜਾਬ ਵਾਸੀ ਭਾਜਪਾ ਨੂੰ ਉੱਜਵਲ ਭਵਿੱਖ ਵਜੋਂ ਦੇਖ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਿੱਤਲ, ਸੀਨੀਅਰ ਆਗੂ ਸ਼ਾਮ ਲਾਲ ਬਾਂਸਲ, ਜਿਲ੍ਹਾ ਜਨਰਲ ਸਕੱਤਰ ਅਸ਼ੋਕ ਕੁਮਾਰ ਬਾਲਿਆਂਵਾਲੀ ਤੇ ਪ੍ਰਿਤਪਾਲ ਸਿੰਘ, ਵਰਿੰਦਰ ਸ਼ਰਮਾ, ਵਿਕਰਮ ਗਰਗ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।
Share the post "ਭਾਜਪਾ ਆਗੂਆਂ ਨੇ ਮੁਹਾਲੀ ਤੇ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਨੂੰ ਸਿੱਧੀਆਂ ਫ਼ਲਾਈਟਾਂ ਸ਼ੁਰੂ ਕਰਨ ਦੀ ਕੀਤੀ ਮੰਗ"