ਕੈਂਸਰ ਹਸਪਤਾਲ, ਨਸ਼ਾ ਛੁਡਾਓ ਕੇਂਦਰ ਅਤੇ ਏਮਜ਼ ’ਚ ਟਰੋਮਾ ਸੈਂਟਰ ਖੋਲਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 30 ਅਗਸਤ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਦਿਆਲ ਸੋਢੀ ਵਲੋਂ ਅੱਜ ਇੱਥੇ ਕੇਂਦਰੀ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਦੇ ਮੰਤਰੀ ਮਨਸੁੱਖ ਮਾਡਵੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸ਼੍ਰੀ ਸੋਢੀ ਨੇ ਦਸਿਆ ਕਿ ਮਾਲਵਾ ਪੱਟੀ ’ਚ ਪਿਛਲੇ ਲੰਮੇ ਸਮੇਂ ਤੋਂ ਨਾਮੁਰਾਦ ਬੀਮਾਰੀ ਕੈਂਸਰ ਦਿਨ-ਬ-ਦਿਨ ਵਧ ਰਿਹਾ ਹੈ ਪ੍ਰੰਤੂ ਇੱਥੇ ਇਸ ਬੀਮਾਰੀ ਦੇ ਇਲਾਜ਼ ਲਈ ਕੋਈ ਵਧੀਆਂ ਸੰਸਥਾ ਨਹੀਂ ਹੈ, ਜਿਸਦੇ ਚੱਲਦੇ ਕੇਂਦਰੀ ਮੰਤਰੀ ਨੂੰ ਬਠਿੰਡਾ ਇਲਾਕੇ ’ਚ ਸੁਪਰਸਪੈਸਲਿਸਟੀ ਕੈਂਸਰ ਹਸਪਤਾਲ ਖੋਲਣ ਦੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਨਸ਼ਿਆਂ ਦੀ ਦਲਦਲ ’ਚ ਧਸ ਰਹੇ ਨੌਜਵਾਨਾਂ ਨੂੰ ਇਸਤੋਂ ਬਾਹਰ ਕੱਢਣ ਲਈ ਇੱਥੇ ਇੱਕ ਨਸ਼ਾ ਛੁਡਾਊ ਕੇਂਦਰ ਖੋਲਣ ਦੀ ਵੀ ਬੇਨਤੀ ਕੀਤੀ ਗਈ ਹੈ। ਭਾਜਪਾ ਆਗੂ ਨੇ ਅੱਗੇ ਦਸਿਆ ਕਿ ਵਧ ਰਹੇ ਸੜਕੀ ਹਾਦਸਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਇੰਨ੍ਹਾਂ ਹਾਦਸਿਆਂ ਵਿਚ ਜਾ ਰਹੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਉਣ ਲਈ ਕੇਂਦਰ ਵਲੋਂ ਸੈਕੜੇ ਕਰੋੜ ਦੀ ਲਾਗਤ ਨਾਲ ਬਠਿੰਡਾ ਵਿਚ ਖੋਲੇ ਏਮਜ਼ ਵਿਚ ਟਰੋਮਾ ਸੈਂਟਰ ਖੋਲਣ ਅਤੇ ਓਪੀਡੀ ਸੇਵਾਵਾਂ ਵਿਚ ਵੀ ਵਾਧਾ ਕਰਨ ਮੰਗ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਕੇਂਦਰੀ ਮੰਤਰੀ ਨੇ ਇੰਨ੍ਹਾਂ ਮੰਗਾਂ ਪ੍ਰਤੀ ਹਾਂਪੱਖੀ ਹੁੂੰਗਾਰਾ ਭਰਦਿਆਂ ਜਲਦੀ ਹੀ ਇਸ ਇਲਾਕੇ ਦਾ ਦੌਰਾ ਕਰਨ ਦਾ ਭਰੋਸਾ ਦਿਵਾਇਆ ਹੈ।
Share the post "ਭਾਜਪਾ ਆਗੂ ਨੇ ਮਾਲਵਾ ਪੱਟੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ"