ਜਲਦੀ ਹੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ’ਚ ਮਰਜ਼ ਕਰਨ ਦੀ ਚਰਚਾ
ਸੁਖਜਿੰਦਰ ਮਾਨ
ਚੰਡੀਗੜ੍ਹ, 1 ਜੁਲਾਈ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਉਪ ਰਾਸਟਰਪਤੀ ਦਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਦਾ ਬਾਜਾਰ ਗਰਮ ਹੈ। ਚੱਲ ਰਹੀ ਚਰਚਾ ਮੁਤਾਬਿਕ ਇਨੀਂ ਦਿਨੀਂ ਇੰਗਲੈਂਡ ਵਿੱਚ ਆਪਣੀ ਰੀੜ੍ਹ ਦੀ ਹੱਡੀ ਦਾ ਅਪ੍ਰੇਸ਼ਨ ਕਰਵਾਉਣ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਜਲਦੀ ਵਾਪਸ ਆਉਣ ਲਈ ਕਿਹਾ ਗਿਆ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪਰੰਤੂ ਸੰਭਾਵਨਾ ਜਤਾਈ ਜਾ ਰਹੀ ਹੈ ਆਉਣ ਵਾਲੇ ਹਫ਼ਤੇ ਅੰਦਰ ਵਾਪਸ ਭਾਰਤ ਪਰਤ ਆਉਣਗੇ। ਉਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਪਣੇ ਵਲੋਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣਾਈ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਜਲਦੀ ਹੀ ਭਾਜਪਾ ਵਿੱਚ ਮਰਜ ਕਰ ਦੇਣਗੇ। ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸਾਬਕਾ ਮੁੱਖ ਮੰਤਰੀ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਤੇ ਅਡਜਸਟ ਕਰਨ ਦੀਆਂ ਚਰਚਾਵਾਂ ਚੱਲਦੀਆਂ ਆ ਰਹੀਆਂ ਹਨ। ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਉਨ੍ਹਾਂ ਨੂੰ ਕਿਸੇ ਸੂਬੇ ਦਾ ਗਵਰਨਰ ਬਣਾਇਆ ਜਾਵੇਗਾ ਪ੍ਰੰਤੂ ਹੁਣ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋਣ ਤੋਂ ਬਾਅਦ ਪੰਜਾਬ ਤੇ ਖਾਸਕਰ ਸਿੱਖਾਂ ਵਿੱਚ ਆਪਣੀ ਵਿਸ਼ੇਸ਼ ਪਕੜ ਬਣਾਉਣ ਲੱਗੀ ਹੋਈ ਭਾਜਪਾ ਉਪ ਰਾਸਟਰਪਤੀ ਦੇ ਅਹੁੱਦੇ ਲਈ ਕੈਪਟਨ ਨੂੰ ਅੱਗੇ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੌਮੀ ਪੱਧਰ ’ਤੇ ਸੋਚ ਭਾਜਪਾ ਨਾਲ ਮਿਲਦੀ ਜੁਲਦੀ ਹੈ। ਇਸਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਰਾਖ਼ੇ ਤੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਸਬੰਧ ਵਿਚ ਐਮ.ਪੀ ਦੇ ਅਹੁੱਦੇ ਤੋਂ ਅਸਤੀਫ਼ਾ ਦੇਣ ਕਾਰਨ ਉੋਸਦੀ ਭੱਲ ਬਣੀ ਰਹੀ ਹੈ ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਦੇ ਕਰੀਬ ਪੌਣੇ ਪੰਜ ਸਾਲਾਂ ’ਚ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਨੂੰ ਸਿਆਸੀ ਨੁਕਸਾਨ ਵੀ ਉਠਾਉਣਾ ਪਿਆ ਹੈ। ਇਸਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਲਈ ਕਾਫ਼ੀ ਫਿੱਟ ਬੈਠਦੇ ਹਨ। ਪੰਜਾਬ ਤੇ ਇਸਦੇ ਆਸਪਾਸ ਸੂਬਿਆਂ ਵਿਚ ਸਿੱਖਾਂ ’ਚ ਅਪਣੀ ਪਕੜ੍ਹ ਬਣਾਉਣ ਲਈ ਭਾਜਪਾ ਵਲੋਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਪਾਰਟੀਆਂ ਦੇ ਵੱਡੇ ਸਿੱਖ ਚਿਹਰਿਆਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਬਣੇ ਹੋਏ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਭਾਜਪਾ ਦੀ ਘੱਟਗਿਣਤੀਆਂ ਨਾਲ ਦੂਰੀ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਕਰੀਬ ਇਕ ਸਾਲ ਭਰ ਚੱਲੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬੀ ਤੇ ਖ਼ਾਸ ਕਰਕੇ ਸਿੱਖਾਂ ਦੀ ਭਾਜਪਾ ਨਾਲ ਨਰਾਜ਼ਗੀ ਰਹੀ ਹੈ। ਅਜਿਹੇ ਸਿਆਸੀ ਹਾਲਤਾਂ ਵਿੱਚ ਚੱਲਦੇ ਦੇਸ਼ ਦੀ ਦੂਜੀ ਵੱਡੀ ਘੱਟ ਗਿਣਤੀ ਸਿੱਖਾਂ ਨੂੰ ਖੁਸ ਕਰਨ ਅਤੇ ਅਪਣੇ ਉਪਰ ਘੱਟ ਗਿਣਤੀ ਵਿਰੋਧੀ ਹੋਣ ਦੇ ਲੱਗ ਰਹੇ ਠੱਪੇ ਨੂੰ ਦੂਰ ਕਰਨ ਲਈ ਇਹ ਕੋਈ ਹੈਰਾਨੀਜਨਕ ਗੱਲ ਨਹੀਂ ਹੋਵੇਗੀ ਜੇਕਰ ਭਾਜਪਾ ਸਿੱਖਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਦੂਜੇ ਸਭ ਤੋਂ ਸਰਬਉੱਚ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦੇਵੇ। ਉਧਰ ਪਰਿਵਾਰ ਦੇ ਨੇੜਲੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਗੱਲ ਦੀ ਚਰਚਾ ਜ਼ਰੂਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਚ ਮਰਜ ਕਰ ਦਿੱਤਾ ਜਾਵੇ ਪ੍ਰੰਤੂ ਹਾਲੇ ਤੱਕ ਭਾਜਪਾ ਹਾਈ ਕਮਾਨ ਜਾਂ ਪ੍ਰਧਾਨ ਮੰਤਰੀ ਦਫਤਰ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਉਪ ਰਾਸਟਰਪਤੀ ਮਨੋਨੀਤ ਕਰਨ ਬਾਰੇ ਕੋਈ ਗੱਲ ਨਹੀਂ ਸਾਹਮਣੇ ਆਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 6 ਅਗਸਤ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਜਿਸਦੇ ਲਈ ਹਾਲੇ ਤੱਕ ਕਿਸੇ ਉਮੀਦਵਾਰ ਦਾ ਨਾਮ ਸਾਹਮਣੇ ਨਹੀਂ ਆਇਆਂ ਹੈ। ਜਦੋਂਕਿ ਰਾਸਟਰਪਤੀ ਦੇ ਅਹੁੱਦੇ ਲਈ ਭਾਜਪਾ ਵਲੋਂ ਸ੍ਰੀਮਤੀ ਦਰੁਪਤੀ ਮੁਰਮੂ ਅਤੇ ਵਿਰੋਧੀ ਧਿਰਾਂ ਵਲੋਂ ਸਾਬਕਾ ਵਿਤ ਮੰਤਰੀ ਯਸਵੰਤ ਸਿਨਹਾ ਦੇ ਵਿਚਕਾਰ ਮੁਕਾਬਲਾ ਬਣਿਆ ਹੋਇਆ ਹੈ।
ਭਾਜਪਾ ਕੈਪਟਨ ਨੂੰ ਬਣਾਏਗੀ ਉਪ ਰਾਸ਼ਟਰਪਤੀ ਦਾ ਉਮੀਦਵਾਰ!
21 Views