ਸੁਖਜਿੰਦਰ ਮਾਨ
ਚੰਡੀਗਡ਼੍ਹ, 20 ਮਈ: ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਹੋਇਆਂ ਮੁੱਖਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦਾ ਕੀ ਬਣਿਆ ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਬੇਅਦਬੀ ਅਤੇ ਉਸ ਤੋਂ ਬਾਅਦ ਹੋਈ ਪੁਲੀਸ ਫਾਇਰਿੰਗ ਲਈ ਜ਼ਿੰਮੇਵਾਰਾਂ ਨੂੰ ਸਰਕਾਰ ਬਣਨ ਤੋਂ 24 ਘੰਟਿਆਂ ਅੰਦਰ ਜੇਲ੍ਹ ਭੇਜਿਆ ਜਾਵੇਗਾ।
ਇੱਥੇ ਜਾਰੀ ਇਕ ਬਿਆਨ ਚ, ਸੂਬਾ ਭਾਜਪਾ ਜਨਰਲ ਸਕੱਤਰ ਡਾ ਸੁਭਾਸ਼ ਸ਼ਰਮਾ ਨੇ ਸਾਬਕਾ ਆਈਪੀਐਸ ਅਫ਼ਸਰ ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਤਾਜ਼ਾ ਦੋਸ਼ਾਂ ਦਾ ਜ਼ਿਕਰ ਕੀਤਾ ਹੈ ਕਿ ਆਪ ਸਰਕਾਰ ਬੇਅਦਬੀ ਅਤੇ ਪੁਲੀਸ ਫਾਇਰਿੰਗ ਦੇ ਮਾਮਲਿਆਂ ਤੇ ਧਿਆਨ ਨਹੀਂ ਦੇ ਰਹੀ ਹੈ ਤੇ ਇਨ੍ਹਾਂ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਰਮਾ ਨੇ ਮਾਨ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਆਪ ਸੱਤਾ ਚ ਆਉਂਦੀ ਹੈ ਤਾਂ ਬੇਅਦਬੀ ਤੇ ਜ਼ਿੰਮੇਵਾਰਾਂ ਨੂੰ 24 ਘੰਟਿਆਂ ਅੰਦਰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਤੁਹਾਨੂੰ ਸੱਤਾ ਚ ਆਏ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਅਜਿਹੇ ਚ ਤੁਹਾਡੇ ਵਾਅਦੇ ਦਾ ਕੀ ਬਣਿਆ?
ਭਾਜਪਾ ਆਗੂ ਨੇ ਮਾਨ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੇਅਦਬੀ ਦੇ ਜ਼ਿੰਮੇਵਾਰਾਂ ਨੂੰ ਕਦੇ ਨਹੀਂ ਭੁਲਾਇਆ ਹੈ। ਬਿਹਤਰ ਹੋਵੇਗਾ ਕਿ ਤੁਸੀਂ ਕਾਰਵਾਈ ਕਰੋ ਜਾਂ ਫਿਰ ਪਿਛਲੇ ਸ਼ਾਸਕਾਂ ਦੀ ਤਰ੍ਹਾਂ ਅੰਜਾਮ ਭੁਗਤਣ ਨੂੰ ਤਿਆਰ ਹੋ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪੁਲੀਸ ਦਾ ਸਿਆਸੀ ਵਿਰੋਧੀਆਂ ਖ਼ਿਲਾਫ਼ ਦੁਸ਼ਮਣੀ ਦੇ ਤਹਿਤ ਮਾਮਲੇ ਦਰਜ ਕਰਨ ਲਈ ਇਸਤੇਮਾਲ ਕਰਨ ਦੀ ਬਜਾਏ, ਬੇਅਦਬੀ ਅਤੇ ਬੇਗੁਨਾਹ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਫਾਇਰਿੰਗ ਦੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਇਸਤੇਮਾਲ ਕਰਨ।
Share the post "ਭਾਜਪਾ ਦਾ ਮਾਨ ਤੋਂ ਸੁਆਲ; ਬੇਅਦਬੀ ਦੇ ਮਾਮਲਿਆਂ ਤੇ 24 ਘੰਟਿਆਂ ਦੀ ਡੈੱਡਲਾਈਨ ਦਾ ਕੀ ਬਣਿਆ"