ਕਿਹਾ ਕਿ ਸੂਬੇ ਵਿੱਚ ਪਹਿਲਾ ਕਦੇ ਸਰਕਾਰ ਦੀ ਅਜਿਹੀ ਮਾੜੀ ਕਾਰਗੁਜ਼ਾਰੀ ਨਹੀਂ ਦੇਖੀ
ਪੰਜਾਬ ਵਿੱਚ ਸਰਕਾਰ,ਪ੍ਰਸ਼ਾਸਨ ਤੇ ਕਾਨੂੰਨ ਦਾ ਕਿਸੇ ਨੂੰ ਨਹੀਂ ਹੈ ਡਰ
ਭਾਜਪਾ ਦੇ ਸ਼ਹਿਰੀ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਤਾਜ਼ਪੋਸ਼ੀ ਸਮਾਗਮ ਵਿੱਚ ਪੁੱਜੇ ਸਨ ਅਸ਼ਵਨੀ ਸ਼ਰਮਾ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਪਿਛਲੇ ਦਿਨੀਂ ਭਾਜਪਾ ਵਲੋਂ ਇਕੱਲੇ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਕਰਨ ਵਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ‘‘ ਪੰਜਾਬ ਵਿਚ ਭਾਜਪਾ ਨੂੰ ਸਿੱਖਾਂ ਕੋਲੋ ਦੂਰ ਰੱਖਣ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਹੱਥ ਹੈ। ’’ ਅੱਜ ਇੱਥੇ ਬਠਿੰਡਾ ਦੇ ਨਵੇਂ ਬਣਾਏ ਜਿਲਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾਂ ਦੇ ਤਾਜ਼ਪੋਸ਼ੀ ਸਮਾਗਮਾਂ ਵਿਚ ਹਿੱਸਾ ਲੈਣ ਪੁੱਜੇ ਸ਼੍ਰੀ ਸ਼ਰਮਾ ਨੇ ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਪਣਾ ਗਠਬੰਧਨ ਧਰਮ ਨਿਭਾ ਰਹੀ ਸੀ ਪ੍ਰੰਤੂ ਅਕਾਲੀ ਉਨ੍ਹਾਂ ਨਾਲ ਦੂਜੇ ਦਰਜ਼ੇ ਵਾਲਾ ਵਿਵਹਾਰ ਕਰ ਰਹੀ ਸੀ। ਭਾਜਪਾ ਆਗੂ ਨੇ ਖੁਲਾਸਾ ਕੀਤਾ ਕਿ ਜਦ ਉਹ ਪਿੰਡਾਂ ਵਿਚ ਜਾਣ ਦੀ ਗੱਲ ਕਰਦੇ ਸਨ ਤਾਂ ਅਕਾਲੀ ਦਲ ਵਾਲੇ ਰੋਕ ਦਿੰਦੇ ਸਨ ਪ੍ਰੰਤੂ ਹੁਣ ਉਨ੍ਹਾਂ ਉਸ ਸਮਂੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰਿਆਂ, ਜਦ ਭਾਜਪਾ ਨੂੰ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਵੱਖ ਹੋਣ ਤੋਂ ਬਾਅਦ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਸਿੱਖ ਵਿਰੋਧੀ ਗਰਦਾਨਣ ਵਾਲਿਆਂ ਵਿਚ ਅਕਾਲੀ ਦਲ ਦੀ ਵੱਡੀ ਭੁੂਮਿਕਾ ਸੀ ਜਦੋਂਕਿ ਸ਼੍ਰੀ ਮੋਦੀ ਸਿੱਖਾਂ ਦੇ ਵੱਡੇ ਹਮਦਰਦ ਹਨ, ਜਿੰਨ੍ਹਾਂ ਨੇ ਨਾਂ ਸਿਰਫ਼ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਬਲਕਿ ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਅਤੇ ਸਿੱਖਾਂ ਦੀ ਕਾਲੀ ਸੂਚੀ ਵੀ ਖ਼ਤਮ ਕੀਤੀ। ਭਾਜਪਾ ਦੇ ਸੂਬਾਈ ਪ੍ਰਧਾਨ ਨੇ ਮੋਦੀ ਸਰਕਾਰ ਵਲੋਂ ਸਿੱਖਾਂ ਪ੍ਰਤੀ ਕੀਤੇ ਕੰਮਾਂ ਨੂੰ ਗਿਣਾਉਂਦਿਆਂ ਦਾਅਵਾ ਕੀਤਾ ਕਿ ਅਸਲ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਭਾਜਪਾ ਅਤੇ ਇਸਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਜਦ ਪੂਰੇ ਪੰਜਾਬ ਅੰਦਰ ਪੈਰ ਪਸਾਰ ਰਹੀ ਹੈ ਤਾਂ ਵਿਰੋਧੀ ਘਬਰਾਹਟ ਵਿਚ ਇਸ ਉਪਰ ਝੂਠੇ ਦੋਸ਼ ਲਗਾ ਰਹੇ ਹਨ। ਅਸ਼ਵਨੀ ਸ਼ਰਮਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਐਲਾਨਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਵਿਚ ਕਿਸੇ ਨੂੰ ਵੀ ਸਕਾਰ ਤੇ ਕਾਨੂੰਨ ਤੋਂ ਭੈਅ ਨਹੀ ਹੈ।ਪੰਜਾਬ ਹੱਥੋਂ ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਖੁੱਸਣ ਕਾਰਨ ਸੂਬੇ ਨੂੰ ਰੁਜ਼ਗਾਰ ਤੇ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਪਤੀਆਂ,ਸ਼ਰਮਾਏਦਾਰਾ,ਵਿਉਪਾਰੀਆਂਤੇ ਐਨਆਰਆਈਜ ਦੀਆਂ ਸਮੱਸਿਆਵਾਂ ਨੂੰ ਹੱਲ ਨਹੀ ਕਰ ਰਹੀ ਹੈ , ਜਿਸਦੇ ਕਾਰਨ ਪੰਜਾਬ ਵਿੱਚ ਵਪਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੀ ਜੀਐਸਟੀ ਕੁਲੈਕਸਨ ਦਿਨੋ ਦਿਨ ਘੱਟ ਰਹੀ ਹੈ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਤੁਰੰਤ ਰਾਹਤ,ਰਿਆਇਤਾਂ ਤੇ ਹੋਰ ਸਹੂਲਤਾਂ ਉਪਲਬਧ ਕਰਵਾਏ। ਉਹਨਾ ਕਿਹਾ ਕਿ ਪੰਜਾਬ ਸਰਕਾਰ ਤੇ ਅਫਸਰਸਾਹੀ ਦਰਮਿਆਨ ਟਕਰਾਅ ਬਹੁਤ ਖ਼ਤਰਨਾਕ ਹੈ ,ਅਜਿਹਾ ਨਹੀਂ ਹੋਣਾ ਚਾਹੀਦਾ। ਉਹਨਾ ਕਿਹਾ ਕਿ ਪੰਜਾਬ ਵਿੱਚ ਅਰਾਜਕਤਾ ਵਾਲਾ ਮਾਹੋਲ ਹੈ ,ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਇਸ ਮੌਕੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਉਹ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਗੌਤਰਲਬ ਹੈ ਕਿ ਸ਼੍ਰੀ ਸਿੰਗਲਾ ਸਹਿਤ ਦਿਹਾਤੀ ਪ੍ਰਧਾਨ ਬਣਾਏ ਗਏ ਰਵੀਪ੍ਰੀਤ ਸਿੰਘ ਸਿੱਧੂ ਅਕਾਲੀ ਦਲ ਦੇ ਆਗੂ ਸਨ, ਜਿੰਨ੍ਹਾਂ ਨੇ ਪਿਛਲੇ ਦਿਨੀਂ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ। ਇਸ ਸਮਾਗਮ ਮੌਕੇ ਪਾਰਟੀ ਦੀ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਤੇ ਸ੍ਰੀਮਤੀ ਮੋਨਾ ਜੈਸਵਾਲ, ਸ਼ੂਬਾ ਮੀਤ ਪ੍ਰਧਾਨ ਦਿਆਲ ਸੋਢੀ, ਜਗਦੀਪ ਸਿੰਘ ਨਕਈ ਤੇ ਅਰਵਿੰਦ ਖੰਨਾ ਤੋਂ ਇਲਾਵਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ,ਸੂਬਾ ਮੀਡੀਆਂ ਸਕੱਤਰ ਸੁਨੀਲ ਸਿੰਗਲਾ, ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਗਰਗ, ਨਰਿੰਦਰ ਮਿੱਤਲ, ਰੁਪਿੰਦਰਜੀਤ ਸਿੰਘ, ਰਾਜ ਨੰਬਰਦਾਰ, ਵਿਨੋਦ ਬਿੰਟਾ, ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਗੁਰਵਿੰਦਰ ਸਿੰਘ ਭਗਤਾ, ਰਾਜੇਸ਼ ਨੌਨੀ, ਪ੍ਰਿਤਪਾਲ ਸਿੰਘ ਬੀਬੀਵਾਲਾ, ਗੁਰਜੀਤ ਸਿੰਘ ਮਾਨ, ਉਮੇਸ਼ ਸ਼ਰਮਾ, ਸੰਦੀਪ ਅਗਰਵਾਲ ਤੋਂ ਇਲਾਵਾ ਸੂਬੇ ਅਤੇ ਜਿਲੇ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ।
Share the post "ਭਾਜਪਾ ਨੂੰ ਸਿੱਖਾਂ ਕੋਲੋ ਦੂਰ ਰੱਖਣ ਵਿਚ ਅਕਾਲੀ ਦਲ ਦਾ ਵੱਡਾ ਹੱਥ: ਅਸ਼ਵਨੀ ਸ਼ਰਮਾ"