ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ: ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਐਤਕੀਂ ਜ਼ਿਲ੍ਹਾ ਪੱਧਰਾਂ ‘ਤੇ ਮਨਾਇਆ ਜਾਵੇਗਾ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰ ਜ਼ਿਲ੍ਹੇ ਦੇ ਆਗੂ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਰਾਹੀਂ ਇਸ ਦਿਹਾੜੇ ਦੇ ਇਕੱਠ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਨਗੇ। ਇਸ ਮੌਕੇ ਔਰਤਾਂ ਦੀ ਸਮਾਜਿਕ ਆਰਥਿਕ ਬਰਾਬਰੀ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ਾਂ ਦਾ ਝੰਡਾ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਜਾਵੇਗਾ। ਇਹ ਫੈਸਲਾ ਕੀਤਾ ਗਿਆ ਹੈ ਕਿ ਜਿੱਥੋਂ ਤੱਕ ਵੀ ਸੰਭਵ ਹੋਇਆ ਇਨ੍ਹਾਂ ਸਮਾਗਮਾਂ ਦਾ ਸੰਚਾਲਨ ਖੁਦ ਔਰਤਾਂ ਨੂੰ ਹੀ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਵਾ ਸਾਲ ਤੋਂ ਵੱਧ ਸਮਾਂ ਚੱਲੇ ਮੁਲਕ ਪੱਧਰੇ ਜਾਨਹੂਲਵੇਂ ਘੋਲ਼ ਵਿੱਚ ਦਹਿ-ਹਜਾਰਾਂ ਔਰਤਾਂ ਦਾ ਕੁਰਬਾਨੀਆਂ ਭਰਿਆ ਲਾ-ਮਿਸਾਲ ਯੋਗਦਾਨ ਉਚਿਆਇਆ ਜਾਵੇਗਾ। ਬੀਤੇ ਇਤਿਹਾਸ ਅੰਦਰ ਸਮਾਜਿਕ ਆਰਥਿਕ ਬਰਾਬਰੀ ਤੇ ਇਨਸਾਫ਼ ਖ਼ਾਤਰ ਲੋਕ-ਪੱਖੀ ਸੰਘਰਸ਼ਾਂ ਤੇ ਜੰਗੀ ਮੈਦਾਨਾਂ ਵਿੱਚ ਬੇਖੌਫ਼ ਹੋ ਕੇ ਮੂਹਰਲੀਆਂ ਕਤਾਰਾਂ ਵਿੱਚ ਜੂਝਣ ਵਾਲ਼ੀਆਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ,ਲੂਈਸ ਮਾਈਕਲ ਤੇ ਕਲਾਰਾ ਜੈਟਕਨ ਵਰਗੀਆਂ ਬਹਾਦਰ ਔਰਤਾਂ ਦੀ ਜੈ-ਜੈਕਾਰ ਕੀਤੀ ਜਾਵੇਗੀ। ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਜਗੀਰੂ, ਸਾਮਰਾਜੀ ਤੇ ਸੂਦਖੋਰੀ ਲੁੱਟ ਦੇ ਖਾਤਮੇ ਅਤੇ ਨਿੱਜੀਕਰਨ ਨੀਤੀਆਂ ਦੇ ਖਾਤਮੇ ਵਰਗੇ ਅਹਿਮ ਮੁੱਦਿਆਂ ‘ਤੇ ਆਉਂਦੇ ਸਮੇਂ ਵਿੱਚ ਚੱਲਣ ਵਾਲੇ ਠੋਸ ਪ੍ਰਾਪਤੀਆਂ ਵਾਲੇ ਲੰਮੇ ਜਾਨਹੂਲਵੇਂ ਘੋਲ਼ਾਂ ਵਿੱਚ ਹੋਰ ਵੀ ਵਧੇਰੇ ਧੜੱਲੇ ਨਾਲ ਕੁੱਦਣ ਲਈ ਔਰਤਾਂ ਨੂੰ ਪ੍ਰੇਰ ਕੇ ਉਤਸ਼ਾਹਿਤ ਕੀਤਾ ਜਾਵੇਗਾ। ਜ਼ਾਤਪਾਤੀ ਅਤੇ ਪਿਤਰੀ ਸੱਤਾ ਵਰਗੇ ਔਰਤ-ਵਿਰੋਧੀ ਤੇ ਗਰੀਬ-ਦਬਾਊ ਸਮਾਜਿਕ ਵਰਤਾਰਿਆਂ ਨੂੰ ਇਨ੍ਹਾਂ ਘੋਲ਼ਾਂ ਰਾਹੀਂ ਮੁੱਢੋਂ-ਸੁੱਢੋਂ ਬਦਲਣ ਦੇ ਨਿਸ਼ਾਨੇ ਮਿਥੇ ਜਾਣਗੇ।
Share the post "ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੌਮਾਂਤਰੀ ਔਰਤ ਦਿਵਸ ਐਤਕੀਂ ਜ਼ਿਲ੍ਹਾ ਪੱਧਰਾਂ ‘ਤੇ ਮਨਾਉਣ ਦਾ ਫੈਸਲਾ"