ਭਾਰੀ ਮੀਂਹ ਤੋਂ ਬਾਅਦ ਬਠਿੰਡਾ ਨੇ ਧਾਰਿਆ ਝੀਲਾਂ ਦਾ ਰੂਪ

0
12

ਸ਼ਹਿਰ ਦੇ ਕਈ ਹਿੱਸਿਆਂ ਵਿਚ ਪੰਜ-ਪੰਜ ਫੁੱਟ ਪਾਣੀ ਖੜਿਆ
ਦਰਜ਼ਨਾਂ ਨੀਂਵੇ ਇਲਾਕਿਆਂ ’ਚ ਲੋਕਾਂ ਦੇ ਘਰਾਂ ਵਿਚ ਵੜਿਆ ਪਾਣੀ
ਪੁਲਿਸ ਨੇ ਬੈਰੀਗੇਡਿੰਗ ਲਗਾ ਕੇ ਦੁਰਘਟਨਾ ਤੋਂ ਬਚਾਉਣ ਲਈ ਟਰੈਫ਼ਿਕ ਰੋਕੀ
ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ –ਸ਼ਹਿਰ ’ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਅਫ਼ਸਰਾਂ ਦੇ ਕਹਿਣ ’ਤੇ ਸਿਆਸਤਦਾਨਾਂ ਵਲੋਂ ਅਰਬਾਂ ਰੁਪਏ ਵਹਾਉਣ ਦੇ ਬਾਵਜੂਦ ਅੱਜ ਫ਼ਿਰ ਮੀਂਹ ਤੋਂ ਬਾਅਦ ਹੜ੍ਹਾਂ ਵਰਗੀ ਸਥਿਤੀ ਬਣ ਗਈ। ਅੱਜ ਸਵੇਰੇ ਪੰਜ ਵਜੇਂ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪੰਜ-ਪੰਜ ਫੁੱਟ ਪਾਣੀ ਖੜ੍ਹਾ ਹੋ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਦਰਜ਼ਨਾਂ ਨੀਵੇਂ ਇਲਾਕਿਆਂ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਦਾਖ਼ਲ ਹੋਣ ਕਾਰਨ ਓੁਨ੍ਹਾਂ ਦਾ ਲੱਖਾਂ ਰੁਪਏ ਦਾ ਸਮਾਨ ਖ਼ਰਾਬ ਹੋ ਗਿਆ। ਇਸਤੋਂ ਇਲਾਵਾ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਆਈ.ਜੀ, ਮਿੰਨੀ ਸਕੱਤਰੇਤ, ਜ਼ਿਲ੍ਹਾ ਕਚਿਹਰੀਆਂ, ਮਹਿਲਾ ਥਾਣਾ ਆਦਿ ਵੀ ਪਾਣੀ ਵਿਚ ਘਿਰ ਗਏ। ਤੇਜ਼ ਬਾਰਸ ਕਾਰਨ ਸਥਾਨਕ ਸ਼ਹਿਰ ਦੇ ਮੁਹੱਲਾ ਭਲੇਰੀਆ ਵਿਚ ਇੱਕ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਪਿਊ ਗੰਭੀਰ ਜਖ਼ਮੀ ਹੋ ਗਿਆ ਤੇ ਪੁੱਤ ਦੀ ਮੌਤ ਹੋ ਗਈ। ਇਸਤੋਂ ਇਲਾਵਾ ਕਿਸੇ ਹੋਰ ਅਣਸੁਖਾਵੀ ਦੁਰਘਟਨਾ ਨੂੰ ਰੋਕਣ ਲਈ ਪੁਲਿਸ ਵਿਭਾਗ ਨੇ ਪਾਣੀ ਨਾਲ ਭਰੀਆਂ ਸੜਕਾਂ ਤੇ ਇਲਾਕਿਆਂ ਵਿਚ ਬੈਰੀਗੇਡਿੰਗ ਕਰਕੇ ਟਰੈਫ਼ਿਕ ਨੂੰ ਰੋਕ ਦਿੱਤਾ। ਬਰਸਾਤੀ ਪਾਣੀ ’ਚ ਡਿਪਟੀ ਮੇਅਰ ਸਹਿਤ ਦਰਜ਼ਨਾਂ ਗੱਡੀਆਂ ਬਹਿ ਗਈਆ। ਮੌਸਮ ਵਿਭਾਗ ਵਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਕਰੀਬ ਪੰਜ ਘੰਟੇ ਪਏ ਇਸ ਮੀਂਹ ਨਾਲ ਸ਼ਹਿਰ ਅੰਦਰ 81 ਐਮ.ਐਮ ਪਾਣੀ ਡਿੱਗਿਆ, ਜਿਸਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ। ਪਾਵਰ ਹਾਊਸ ਰੋਡ ਦਾ ਇਲਾਕਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਇਸੇ ਤਰ੍ਹਾਂ ਸਿਵਲ ਲਾਈਨ, ਸਿਵਲ ਸਟੇਸ਼ਨ, 100 ਫੁੱਟੀ ਰੋਡ, ਭਾਗੂ ਰੋਡ, ਅਜੀਤ ਰੋਡ, ਮਾਲ ਰੋਡ, ਵੀਰ ਕਲੌਨੀ,ਹਾਜ਼ੀਰਤਨ ਦਾ ਇਲਾਕਾ, ਸਿਰਕੀ ਬਜ਼ਾਰ, ਪਰਸਰਾਮ ਨਗਰ ਆਦਿ ਨੀਵੇਂ ਇਲਾਕਿਆਂ ਵਿਚ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚੋਂ ਇੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਬੇਸ਼ੱਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ ’ਤੇ ਮੌਜੂਦਾ ਕਾਂਗਰਸ ਸਰਕਾਰ ਨੇ ਅਪਣੀ ਪਿੱਠ ਥਾਪੜਣ ਦੀ ਕੋਸ਼ਿਸ ਕੀਤੀ ਹੈ ਪ੍ਰੰਤੂ ਹਰ ਮੀਂਹ ਇੰਨ੍ਹਾਂ ਲੀਡਰਾਂ ਦੇ ਝੂਠੇ ਵਾਅਦਿਆਂ ਨੂੰ ਪਾਣੀ ਵਿਚ ਰੋੜ ਦਿੰਦਾ ਹੈ। ਤੇਜ਼ ਮੀਂਹ ਕਾਰਨ ਬੇਸ਼ੱਕ ਨਗਰ ਨਿਗਮ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਡਿਸਪੋਜ਼ਲਾਂ ’ਤੇ ਮੋਟਰਾਂ ਦੀ ਜਾਂਚ ਕੀਤੀ ਪ੍ਰੰਤੂ ਪਿਛਲੇ ਸਮਿਆਂ ਦੀ ਤਰ੍ਹਾਂ ਕਾਂਗਰਸੀ ਆਗੂ ਅੱਜ ਹੱਥਾਂ ਵਿਚ ਮੋਬਾਇਲ ਫ਼ੜ ਕੇ ਲਾਈਵ ਹੁੰਦੇ ਘੱਟ ਹੀ ਦਿਖ਼ਾਈ ਦਿੱਤੇ। ਨਿਗਮ ਅਧਿਕਾਰੀਆਂ ਮੁਤਾਬਕ ਸਾਰੇ ਡਿਸਪੋਜ਼ਲਾਂ ’ਤੇ ਮੋਟਰਾਂ ਪੂਰੀ ਤੇਜ਼ੀ ਨਾਲ ਚੱਲ ਰਹੀਆਂ ਹਨ ਤੇ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਮ ਤੱਕ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿਚੋਂ ਪਾਣੀ ਨਿਕਲ ਜਾਵੇਗਾ।
ਬਾਕਸ 1
ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੋੜਾਂ ਖ਼ਰਚੇ
ਬਠਿੰਡਾ: ਆਗਾਮੀ ਚੋਣਾਂ ’ਚ ਭੱਲ ਬਣਾਉਣ ਲਈ ਸਰਕਾਰ ਤੇ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਖ਼ਰਚੇ ਗਏ ਹਨ। ਜਿੰਨਾਂ ਵਿਚ ਕਰੀਬ 12 ਕਰੋੜ ਦੀ ਲਾਗਤ ਨਾਲ ਪਾਵਰ ਹਾਊਸ ਰੋਡ ਇਲਾਕੇ ਦਾ ਪਾਣੀ ਕੱਢਣ ਲਈ ਇੱਥੇ ਨਵਾਂ ਡਿਸਪੋਜ਼ਲ ਬਣਾਉਣ ਤੋਂ ਇਲਾਵਾ 36 ਇੰਚੀ ਇੱਕ ਪਾਇਪ ਕੂੜਾ ਕਰਕਟ ਪਲਾਂਟ ਨਜਦੀਕ ਵਕਫ਼ ਬੋਰਡ ਦੇ ਪਟੇ ’ਤੇ ਲਏ ਦਸ ਏਕੜ ਜਮੀਨ ਵਿਚ ਬਣਾਏ ਛੱਪੜ ਤੱਕ ਲਿਜਾਈ ਗਈ ਹੈ। ਇਸ ਡਿਸਪੋਜ਼ਲ ’ਤੇ 150 ਅਤੇ 80 ਹਾਰਸ ਪਾਵਰ ਦੀਆਂ ਦੋ ਮੋਟਰਾਂ ਵੀ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ 1 ਕਰੋੜ 32 ਲੱਖ ਦੀ ਲਾਗਤ ਨਾਲ ਪਰਸਰਾਮ ਨਗਰ ਦੀ ਆਲਮ ਬਸਤੀ ਵਿਚ ਵੀ ਨਵਾਂ ਡਿਸਪੋਜ਼ਲ ਬਣਾ ਕੇ ਥਰਮਲ ਵਾਲੀ ਸਾਈਡ ਪਾਣੀ ਕੱਢਿਆ ਜਾ ਰਿਹਾ ਹੈ। ਇਸਤੋਂ ਇਲਾਵਾ ਸੰਜੇ ਨਗਰ ਤੇ ਡੀਏਵੀ ਕਾਲਜ਼ ਕੋਲ ਸਥਿਤ ਛੱਪੜਾਂ ਨੂੰ ਡੂੰਘੇ ਵੀ ਕੀਤਾ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਦਾ ਪਰਾ ਇੰਤਜਾਮ ਹਾਲੇ ਤੱਕ ਨਹੀਂ ਹੋ ਸਕਿਆ ਹੈ।

ਬਾਕਸ 2
ਡਿਪਟੀ ਮੇਅਰ ਦੀ ਕਾਰਨ ਮੀਂਹ ਦੇ ਪਾਣੀ ’ਚ ਡੁੱਬੀ
ਬਠਿੰਡਾ:ਸ਼ਹਿਰ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਦੀ ਨਵੀਂ ਇਨੋਵਾ ਕਾਰ ਅੱਜ ਮੀਂਹ ਦੇ ਪਾਣੀ ਵਿਚ ਡੁੱਬ ਗਈ ਤੇ ਉਹ ਖ਼ੁਦ ਸ਼ੀਸੇ ਰਾਹੀਂ ਮਸਾਂ ਹੀ ਬਚ ਕੇ ਨਿਕਲੇ। ਸੂਚਨਾ ਮੁਤਾਬਕ ਉਹ ਅਜੀਤ ਰੋਡ ਵੱਲ ਜਾ ਰਹੇ ਸਨ ਕਿ ਉਥੇ ਵੀ ਪਾਣੀ ਜਿਆਦਾ ਹੋਣ ਕਾਰਨ ਪਾਵਰ ਹਾਉੂਸ ਰੋਡ ਵੱਲ ਮੁੜ ਪਏ ਪ੍ਰੰਤੂ ਇੱਥੇ ਕਾਰ ਪਾਣੀ ਵਿਚ ਡੁੱਬ ਗਈ ਤੇ ਕਾਰ ਅੰਦਰ ਪਾਣੀ ਭਰ ਗਿਆ।

ਬਾਕਸ 3
ਛੱਤ ਡਿੱਗਣ ਕਾਰਨ ਪਿਊ ਦੀ ਮੌਤ ਤੇ ਪੁੱਤ ਜਖਮੀ
ਬਠਿੰਡਾ: ਭਾਰੀ ਮੀਂਹ ਕਾਰਨ ਸਥਾਨਕ ਮੁਹੱਲਾ ਭਲੇਰੀਆ ’ਚ ਇੱਕ ਕਮਰੇ ਦੀ ਛੱਤ ਡਿੱਗ ਪਈ, ਜਿਸ ਕਾਰਨ ਕਮਰੇ ਵਿਚ ਸੁੱਤੇ ਪਏ ਹੋਏ ਪਿਊ ਤੇ ਪੁੱਤ ਗੰਭੀਰ ਰੂਪ ਵਿਚ ਜਖਮੀ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਤੇ ਆਸ ਪਾਸ ਦੇ ਲੋਕ ਪੁੱਜੇ, ਜਿੰਨ੍ਹਾਂ ਦੋਨਾਂ ਨੂੰ ਮਲਬੇ ਵਿਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਪ੍ਰੰਤੂ ਹਸਪਤਾਲ ਵਿਚ ਪਹੁੰਚਦੇ ਹੀ ਡਾਕਟਰਾਂ ਨੇ ਪਿਊ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਜਦੋਂਕਿ ਗੰਭੀਰ ਜਖਮੀ ਹੋਏ ਪੁੱਤ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਮਿ੍ਰਤਕ ਦੀ ਸਿਨਾਖ਼ਤ ਮਨੋਹਰ ਸਿੰਘ (50) ਦੇ ਤੌਰ ’ਤੇ ਹੋਈ ਹੈ ਜਦੋਂਕਿ ਉਸਦੇ ਪੁੱਤਰ ਦਾ ਨਾਮ ਅਜਾਦ (22) ਦਸਿਆ ਜਾ ਰਿਹਾ ਹੈ।
ਬਾਕਸ 4
ਮੀਂਹ ਨੇ ਦੁਕਾਨਦਾਰਾਂ ਦਾ ਰੱਖੜੀ ਦਾ ਤਿਊਹਾਰ ਮੰਦਾ ਕੀਤਾ
ਬਠਿੰਡਾ: ਅੱਜ ਸਵੇਰ ਤੋਂ ਹੀ ਸ਼ੁਰੂ ਹੋਈ ਮੂਸਲੇਧਾਰ ਬਾਰਸ਼ ਨੇ ਸ਼ਹਿਰ ਦੇ ਦੁਕਾਨਦਾਰਾਂ ਦਾ ਰੱਖੜੀ ਦਾ ਤਿਊਹਾਰ ਮੰਦ ਕਰ ਦਿੱਤਾ। ਗੱਲਬਾਤ ਕਰਨ ’ਤੇ ਬਹੁਤੇ ਦੁਕਾਨਦਾਰਾਂ ਨੇ ਦਸਿਆ ਕਿ ਪਿਛਲੇ ਸਾਲ ਕਰੋਨਾ ਮਹਾਂਮਾਰੀ ਕਾਰਨ ਕਾਰੋਬਾਰ ਬੰਦ ਰਿਹਾ ਸੀ, ਜਿਸਦੇ ਚੱਲਦੇ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਇਸ ਤਿਊਹਾਰ ਉਪਰ ਉਨ੍ਹਾਂ ਦਾ ਕਾਰੋਬਾਰ ਕੁੱਝ ਚਮਕੇਗਾ ਪ੍ਰੰਤੂ ਆਏ ਭਾਰੀ ਮੀਂਹ ਨੇ ਉਨ੍ਹਾਂ ਦੇ ਅਰਮਾਨ ਵੀ ਪਾਣੀ ਵਿਚ ਵਹਾ ਦਿੱਤੇ। ਇਸਤੋਂ ਇਲਾਵਾ ਬਹੁਤ ਸਾਰੇ ਨੀਵੇਂ ਇਲਾਕਿਆਂ ਵਿਚ ਬਣੀਆਂ ਦੁਕਾਨਾਂ ਅੰਦਰ ਵੀ ਮੀਂਹ ਦਾ ਪਾਣੀ ਭਰ ਗਿਆ।

.

LEAVE A REPLY

Please enter your comment!
Please enter your name here