ਸੁਖਜਿੰਦਰ ਮਾਨ
ਬਠਿੰਡਾ, 26 ਮਈ : ਭਾਸ਼ਾ ਵਿਭਾਗ ਵਲੋਂ ਸਥਾਨਕ ਐਸ.ਐਸ.ਡੀ.ਗਰਲਜ ਕਾਲਜ ਵਿਖੇ ਪੰਜਾਬੀ ਕਹਾਣੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚਾਰ ਉੱਘੇ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਸਿਰਜਨ ਪ੍ਰਕਿ੍ਰਆ ਤੇ ਉਨ੍ਹਾਂ ਦੇ ਆਲੋਚਨਾਤਮਕ ਪਰਿਪੇਖ ਬਾਰੇ ਚਰਚਾ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾਂ ਹੀ ਸਾਹਿਤਕ ਗਤੀਵਿਧੀਆਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਲਈ ਵਚਨਬੱਧ ਹੈ, ਇਸੇ ਸਿਲਸਿਲੇ ਅਧੀਨ ਉਹ ਹਮੇਸ਼ਾਂ ਹੀ ਆਪਣੇ ਸਮਾਗਮਾਂ ਲਈ ਕਿਸੇ ਵਿੱਦਿਅਕ ਸੰਸਥਾ ਨੂੰ ਚੁਣਦਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਪ੍ਰਤੀ ਰੁਚੀ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਇਸ ਸਮਾਗਮ ਦੇ ਸਹਿਯੋਗ ਲਈ ਕਾਲਜ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਅਤਰਜੀਤ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਨੀਰੂ ਗਰਗ ਪਿ੍ਰੰਸੀਪਲ ਐਸ.ਐਸ.ਡੀ. ਗਰਲਜ ਕਾਲਜ ਹਾਜ਼ਰ ਸਨ।
ਇਸ ਮੌਕੇ ਕਹਾਣੀ ਦੀ ਸਿਰਜਨ ਪ੍ਰਕਿ੍ਰਆ ਦੀ ਲੜੀ ਵਿੱਚ ਸਭ ਤੋਂ ਪਹਿਲਾਂ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਆਪਣੀ ਕਹਾਣੀ ਗ਼ਲ਼ ਗੂਠਾ ਦੀ ਸਿਰਜਨ ਪ੍ਰਕਿਰਿਆ ਬਾਰੇ ਗੱਲ ਕੀਤੀ, ਜਿਸ ਤੇ ਆਲੋਚਨਾਤਮਕ ਟਿੱਪਣੀ ਉੱਘੇ ਆਲੋਚਕ ਡਾ. ਰਵਿੰਦਰ ਸੰਧੂ ਨੇ ਕੀਤੀ। ਇਸ ਤੋਂ ਬਾਅਦ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਵੱਲੋਂ ਆਪਣੀ ਕਹਾਣੀ ਤਪਸ ਬਾਰੇ ਗੱਲਬਾਤ ਕੀਤੀ, ਜਿਸ ਦਾ ਆਲੋਚਨਾਤਮਕ ਪਰਿਪੇਖ ਆਲੋਚਕ ਗੁਰਦੇਵ ਖੋਖਰ ਵੱਲੋਂ ਕੀਤਾ ਗਿਆ।
ਇਸ ਦੌਰਾਨ ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਆਪਣੀ ਕਹਾਣੀ ਧੋਬੀ ਪਟਕਾ ਦੀ ਸਿਰਜਣਾ ਬਾਰੇ ਦੱਸਿਆ, ਜਿਸ ਤੇ ਆਲੋਚਕ ਪ੍ਰੋ. ਪਰਗਟ ਸਿੰਘ ਬਰਾੜ ਨੇ ਆਪਣੇ ਵਿਚਾਰ ਦਿੱਤੇ। ਅੰਤ ਵਿੱਚ ਕਹਾਣੀ ਹਥੇਲੀ ਤੇ ਰੱਖਿਆ ਸੂਰਜ ਦੀ ਸਿਰਜਣਾ ਬਾਰੇ ਕਹਾਣੀਕਾਰ ਆਗਾਜ਼ਬੀਰ ਨੇ ਦੱਸਿਆ, ਜਿਸ ਤੇ ਆਲੋਚਕ ਡਾ. ਰਵਿੰਦਰ ਸੰਧੂ ਨੇ ਆਪਣੀ ਟਿੱਪਣੀ ਕੀਤੀ। ਉਸ ਤੋਂ ਬਾਅਦ ਕਾਲਜ਼ ਦੇ ਵਿਦਿਆਰਥੀਆਂ ਵੱਲੋਂ ਕਹਾਣੀਕਾਰਾਂ ਅਤੇ ਆਲੋਚਕਾਂ ਤੋਂ ਸਵਾਲ ਕੀਤੇ ਗਏ, ਜਿਸ ਦੇ ਉਨ੍ਹਾਂ ਵੱਲੋਂ ਤਫ਼ਸੀਲ ਵਿੱਚ ਜਵਾਬ ਦਿੱਤੇ ਗਏ। ਇਸ ਮੌਕੇ ਭਾਸਾ ਵਿਭਾਗ ਵੱਲੋਂ ਪੁਸਤਕ ਪ੍ਰਦਰਸਨੀ ਵੀ ਲਗਾਈ ਗਈ ਅਤੇ ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ।
ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਊਸ਼ਾ ਸ਼ਰਮਾ, ਉਰਦੂ ਕਹਾਣੀਕਾਰ ਮਲਕੀਤ ਸਿੰਘ ਮਛਾਣਾ, ਕਾਮਰੇਡ ਜਰਨੈਲ ਸਿੰਘ, ਅਮਰਜੀਤ ਜੀਤ ਅਤੇ ਸਮੂਹ ਸਟਾਫ ਪੰਜਾਬੀ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਭਾਸਾ ਦਫ਼ਤਰ, ਬਠਿੰਡਾ ਦੇ ਸਟਾਫ ਵਿੱਚੋਂ ਮਨਜਿੰਦਰ ਸਿੰਘ, ਸੁਖਮਨ ਸਿੰਘ, ਅਨਿਲ ਕੁਮਾਰ ਅਤੇ ਸੁਖਦੀਪ ਸਿੰਘ ਸੁੱਖੀ ਮਾਨ ਮੌਜੂਦ ਸਨ।
Share the post "ਭਾਸ਼ਾ ਵਿਭਾਗ ਸਾਹਿਤਕ ਗਤੀਵਿਧੀਆਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਲਈ ਵਚਨਬੱਧ : ਜ਼ਿਲ੍ਹਾ ਭਾਸ਼ਾ ਅਫ਼ਸਰ"