ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਪੇਂਡੂ ਸਾਹਿਤ ਸਭਾ (ਰਜਿ.)ਬਾਲਿਆਂ ਵਾਲੀ ਵੱਲੋਂ ਪੰਜਾਬੀ ਮਾਹ ਲੜੀ ਅਧੀਨ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇਕ ਕਵੀ ਦਰਬਾਰ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕ੍ਰਿਪਾਲ ਤੇ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਵੱਲੋਂ ਕੀਤੀ ਗਈ।ਪ੍ਰਧਾਨਗੀ ਮੰਡਲ ਅਤੇ ਸਤਿਕਾਰਿਤ ਸਖਸ਼ੀਅਤਾਂ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ। ਦਿਲਜੀਤ ਬੰਗੀ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਜੀਵਨੀ ਨਾਲ ਸਬੰਧਤ ਗੀਤ ਪੇਸ਼ ਕਰਕੇ ਸ਼ੁਰੂਆਤ ਕੀਤੀ।ਉਪਰੰਤ ਹਾਜ਼ਰ ਕਵੀਆਂ-ਕਵਿੱਤਰੀਆਂ ਅਮਰਜੀਤ ਕੌਰ ਹਰੜ, ਵੀਰਪਾਲ ਕੌਰ ਮੋਹਲ, ਦਵੀ ਸਿਧੂ,ਗੁਰਸੇਵਕ ਬੀੜ, ਰਮੇਸ਼ ਗਰਗ, ਪੋਰਿੰਦਰ ਸਿੰਗਲਾ, ਅਮਰਜੀਤ ਪੇਂਟਰ, ਪੱਤਰਕਾਰ ਗੁਰਨੈਬ ਸਾਜਨ,ਗੁਰਸੇਵਕ ਚੁੱਘੇ ਖੁਰਦ,ਸੁਖਦਰਸ਼ਨ ਗਰਗ, ਸੁਰਿੰਦਰ ਪ੍ਰੀਤ ਘਣੀਆ, ਜਗਨ ਨਾਥ, ਮੰਗਤ ਕੁਲਜਿੰਦ ਆਦਿ ਨੇ ਸਮਾਜ ਦੇ ਵੱਖ ਵੱਖ ਸਰੋਕਾਰਾਂ ਨੂੰ ਆਪਣੇ ਗੀਤਾਂ, ਕਵਿਤਾਵਾਂ ਦਾ ਵਿਸ਼ਾ ਬਣਾਕੇ ਸਰੋਤਿਆਂ ਦਿਆਂ ਜ਼ਜਬਾਤਾਂ ’ਚ ਹਿਲਚੁੱਲ ਪੈਦਾ ਕੀਤੀ।ਲਾਲ ਚੰਦ ਸਿੰਘ ਨੇ ਵੀ ਆਪਣੇ ਵਿਚਾਰ ਖੂਬਸੂਰਤ ਸ਼ਬਦਾਂ ਵਿੱਚ ਪੇਸ਼ ਕੀਤ।ਚਿੱਟੇ ਨਾਲ ਹੋ ਰਹੇ ਜਵਾਨੀ ਦੇ ਘਾਣ, ਐਤਵਾਰ ਦੀ ਮਹੱਤਤਾ, ਵਿਅੰਗ ਫੁੱਫੜ ਗੁਆਚ ਗਿਆ, ਕਿਸਾਨੀ ਸੰਘਰਸ਼ ਨਾਲ ਸਬੰਧਤ ਰੁਬਾਈਆਂ, ਮਾਂ ਪਿਉ ਦੀ ਜ਼ਿੰਦਗੀ ਚ ਮਹੱਤਤਾ, ਆਮ ਲੋਕਾਂ ਨੂੰ ਦਰਪੇਸ਼ ਮਸਲੇ, ਸਮਾਜ ਵਿੱਚ ਆ ਰਹੀਆਂ ਦਿਨੋ ਦਿਨ ਤਬਦੀਲੀਆ ਆਦਿ ਦਾ ਜ਼ਿਕਰ ਤਾਂ ਸੀ ਨਾਲ ਦੀ ਨਾਲ ਅੱਜ ਦੇ ਕਾਵਿ ਵਿੱਚ ਦਾਰਸ਼ਨਿਕਤਾ ਵੀ ਝਲਕ ਰਹੀ ਸੀ।ਕਾਵਿ ਦੇ ਵੱਖ ਵੱਖ ਰੂਪਾਂ ਕਵਿਤਾਵਾਂ, ਗੀਤ, ਗ਼ਜ਼ਲ, ਰੁਬਾਈ, ਹਾਸ ਵਿਅੰਗ, ਖੁਲੀ ਕਵਿਤਾ ਦਾ ਰੰਗ ਵੇਖਣ ਨੂੰ ਮਿਲਿਆ।ਕਵੀ ਦਰਬਾਰ ਵਿੱਚ ਤਰੰਨਮ ਵੀ ਸੀ ਅਤੇ ਕਵਿਤਾ ਉਚਾਰਣ ਵੀ। ਪ੍ਰੋਗਰਾਮ ਨੂੰ ਚਾਰ ਚੰਨ ਲੱਗ ਗਏ ਜਦ ਇਸ ਵਿੱਚ ਲੈਅ ਤੇ ਸੁਰ ਵੀ ਆ ਸ਼ਾਮਿਲ ਹੋਇਆ, ਬਠਿੰਡਾ ਦੀ ਉਘੀ ਗਾਇਕਾ ਰੋਜ਼ੀ ਬਾਵਾ ਨੇ ਕੁਲਜਿੰਦ ਦੇ ਲਿਖੇ ਗੀਤ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੇ।ਕੀਰਤੀ ਕ੍ਰਿਪਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਭਾ ਇਸ ਲਈ ਵਧਾਈ ਦੀ ਪਾਤਰ ਹੈ ਅਤੇ ਕਵੀ ਦਰਬਾਰ ਬਹੁਤ ਸਫ਼ਲ ਰਿਹਾ। ਉਹਨਾਂ ਵਿਭਾਗ ਵੱਲੋਂ ਕਰਵਾਏ ਜਾ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪ੍ਰੋਗਰਾਮ ਵਿੱਚ ਲਖਵਿੰਦਰ ਸਿੱਧੂ,ਪੰਜਾਬ ਕੇਸਰੀ ਅਖਬਾਰ ਦੇ ਪੱਤਰਕਾਰ ਤਿਲਕ ਨਾਗਪਾਲ ਅਤੇ ਦੋ ਬੱਚੀਆਂ ਵੀ ਸ਼ਾਮਲ ਸਨ।ਅੰਤ ਵਿੱਚ ਅਮਰਜੀਤ ਸਿੰਘ ਪੇਂਟਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।ਸਟੇਜ ਦਾ ਸੰਚਾਲਨ ਮੰਗਤ ਕੁਲਜਿੰਦ ਵੱਲ਼ੋਂ ਬਾਖ਼ੂਬੀ ਨਿਭਾਇਆ ਗਿਆ।
Share the post "ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਪੇਂਡੂ ਸਾਹਿਤ ਸਭਾ ਵੱਲੋਂ ਬਠਿੰਡਾ ਵਿਖੇ ਕਵੀ ਦਰਬਾਰ ਆਯੋਜਿਤ"