ਸੁਖਜਿੰਦਰ ਮਾਨ
ਬਠਿੰਡਾ, 16 ਮਈ : ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਦੀ ਅਗਵਾਈ ਚ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਵਿਤਾ ਕਾਰਜਸ਼ਾਲਾ ਪੰਜਾਬੀ ਯੂਨੀਵਰਸਿਟੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਯੋਜਿਤ ਕੀਤੀ ਗਈ। ਇਸ ਕਾਰਜਸ਼ਾਲਾ ਵਿਚ ਵਿਸ਼ੇਸ਼ੱਗ ਵਜੋਂ ਪੰਜਾਬੀ ਦੇ ਸਮਰੱਥ ਸ਼ਾਇਰ ਜਗਵਿੰਦਰ ਜੋਧਾ ਅਤੇ ਸ਼ਾਇਰਾ ਸਿਮਰਨ ਅਕਸ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਤੇ ਕੈਂਪਸ ਦੇ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ ਕੁਮਾਰ ਸੁਸ਼ੀਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਆਪਣੇ ਸਵਾਗਤੀ ਭਾਸ਼ਣ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕਿਹਾ ਕਿ ਇਹੋ ਜਿਹੀਆਂ ਕਾਰਜਸ਼ਾਲਾਵਾਂ ਰਾਹੀਂ ਸਮਰੱਥ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਨਾ ਹੀ ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਮੰਤਵ ਹੈ ਤਾਂ ਜੋ ਵਿਦਿਆਰਥੀ ਸਾਹਿਤ ਦੀਆਂ ਬਾਰੀਕੀਆਂ ਤੋਂ ਜਾਣੂ ਹੋ ਸਕਣ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਜਸਬੀਰ ਸਿੰਘ ਹੁੰਦਲ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਭਵਿੱਖ ਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਲਈ ਹਮੇਸ਼ਾਂ ਸਹਿਯੋਗ ਦੇਣ ਦਾ ਵਾਇਦਾ ਕੀਤਾ।ਇਸ ਦੌਰਾਨ ਕਾਰਜਸ਼ਾਲਾ ਦੇ ਪਹਿਲੇ ਵਿਸ਼ੇਸ਼ੱਗ ਵਜੋਂ ਸ਼ਾਇਰਾ ਸਿਮਰਨ ਅਕਸ ਨੇ ਕਵਿਤਾ ਦੇ ਪੁੰਘਰਨ ਤੋਂ ਲੈ ਕੇ ਸਫ਼ਿਆਂ ਤੱਕ ਦੇ ਸਫ਼ਰ ਦੀ ਚਰਚਾ ਕੀਤੀ ਅਤੇ ਆਪਣੀਆਂ ਕੁਝ ਨਜ਼ਮਾਂ ਵੀ ਸਾਂਝੀਆਂ ਕੀਤੀਆਂ। ਦੂਜੇ ਵਿਸ਼ੇਸ਼ੱਗ ਸ਼ਾਇਰ ਜਗਵਿੰਦਰ ਜੋਧਾ ਨੇ ਖ਼ੂਬਸੂਰਤ ਉਦਾਹਰਨਾਂ ਨਾਲ? ਕਵਿਤਾ ਦੀ ਬਣਤਰ ਅਤੇ ਬੁਣਤਰ ਬਾਬਤ ਤਫ਼ਸੀਲ ’ਚ ਸਮਝਾਇਆ। ਇਸ ਮੌਕੇ ਡਾ. ਕੁਮਾਰ ਸੁਸ਼ੀਲ ਨੇ ਆਏ ਹੋਏ ਵਿਸ਼ੇਸ਼ੱਗਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਹੀ ਅਜਿਹੇ ਸਾਹਿਤਕ ਪ੍ਰੋਗਰਾਮ ਕਰਵਾਉਣ ਲਈ ਕਾਰਜਸ਼ੀਲ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਲੱਗ ਸਕੇ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਮੌਲਿਕ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।ਪ੍ਰੋਗਰਾਮ ਮੌਕੇ ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਪੰਜਾਬੀ ਸਤਿਨਾਮ ਸਿੰਘ ਵਾਹਿਦ ਤੇ ਪ੍ਰੋ: ਸੁਖਜਿੰਦਰ ਕੌਰ ਨੇ ਕੀਤਾ। ਇਸ ਮੌਕੇ ਸੰਸਥਾ ਦੇ ਸੋਸ਼ਲ ਸਾਇੰਸ ਦੇ ਮੁਖੀ ਪ੍ਰੋ: ਅਮਨਦੀਪ ਸੇਖੋਂ, ਖੋਜ ਅਫ਼ਸਰ ਨਵਪ੍ਰੀਤ ਸਿੰਘ, ਲੈਕਚਰਾਰ ਪੰਜਾਬੀ ਮਨਦੀਪ ਸਿੰਘ ਅਤੇ ਕੈਂਪਸ ਦਾ ਸਮੂਹ ਸਟਾਫ਼ ਮੌਜੂਦ ਰਿਹਾ
ਭਾਸ਼ਾ ਵਿਭਾਗ ਬਠਿੰਡਾ ਵੱਲੋਂ ਕਵਿਤਾ ਕਾਰਜਸ਼ਾਲਾ ਆਯੋਜਿਤ
8 Views