ਕਿਹਾ, ਪੰਜਾਬੀ ਭਾਸ਼ਾ ਨੂੰ ਜਿਊਂਦਾ ਰੱਖਣਾ ਲਾਜ਼ਮੀ
ਡਿਪਟੀ ਕਮਿਸ਼ਨਰ ਨੇ ਚੇਤਨਾ ਮਾਰਚ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ : ਸੂਬਾ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2022 ਦੇ ਸਮਾਗਮਾਂ ਦੀ ਲੜੀ ਅਧੀਨ ਜ਼ਿਲ੍ਹਾ ਭਾਸ਼ਾ ਵਿਭਾਗ ਬਠਿੰਡਾ ਵੱਲੋਂ ਪੰਜ-ਰੋਜ਼ਾ ਸਮਾਗਮ ਦੀ ਸ਼ੁਰੂਆਤ ਚੇਤਨਾ ਮਾਰਚ ਦੇ ਨਾਲ ਕੀਤੀ ਗਈ। ਇਹ ਚੇਤਨਾ ਮਾਰਚ ਆਰਿਆ ਸਮਾਜ ਚੌਂਕ ਤੋਂ ਆਰੰਭ ਹੋਇਆ, ਜਿਸਨੂੰ ਡਿਪਟੀ ਕਮਿਸ਼ਨਰ ਸ਼?ਰੀ ਸ਼ੌਕਤ ਅਹਿਮਦ ਪਰੇ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਚੇਤਨਾ ਮਾਰਚ ਚ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਹਰ ਇਨਸਾਨ ਤੇ ਸੂਬੇ ਦਾ ਮਾਣ ਅਤੇ ਪਹਿਚਾਣ ਹੁੰਦੀ ਹੈ। ਭਾਸ਼ਾ ਨੂੰ ਬਰਕਰਾਰ ਤੇ ਜਿਊਂਦਾ ਰੱਖਣਾ ਸਾਡੀ ਸਾਰਿਆਂ ਦੀ ਨਿੱਜੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਦੁਕਾਨਾਂ ਦੇ ਸਾਹਮਣੇ ਜੋ ਬੋਰਡ ਲੱਗੇ ਹੋਏ ਹਨ, ਉਨ੍ਹਾਂ ਉੱਤੇ ਸਭ ਤੋਂ ਪਹਿਲਾਂ ਪੰਜਾਬੀ ਤੇ ਫ਼ਿਰ ਹੋਰਨਾਂ ਭਾਸ਼ਾਵਾਂ ਲਿਖਵਾਉਣ ਨੂੰ ਤਰਜੀਹ ਦਿੱਤੀ ਜਾਵੇ।
ਪੰਜਾਬੀ ਮਾਹ ਦੇ ਮੱਦੇਨਜ਼ਰ ਕੱਢੇ ਗਏ ਚੇਤਨਾ ਮਾਰਚ ਚ ਗੁਰੂ ਕਾਸ਼ੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ, ਐੱਸ.ਐੱਸ ਗਰਲਜ਼ ਕਾਲਜ ਦੇ ਵਿਦਿਆਰਥੀਆਂ ਨੇ ਸਟਾਫ਼ ਸਮੇਤ ਹਿੱਸਾ ਲਿਆ। ਇਹ ਚੇਤਨਾ ਮਾਰਚ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਧੋਬੀ ਬਾਜ਼ਾਰ, ਸਦਭਾਵਨਾ ਚੌਂਕ, ਹਸਪਤਾਲ ਬਜ਼ਾਰ, ਗੋਲ ਡਿੱਗੀ ਤੋਂ ਹੁੰਦਾ ਹੋਇਆ ਤਿਰੰਗਾ ਚੌਂਕ ਵਿਖੇ ਸਮਾਪਤ ਹੋਇਆ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਡਿਪਟੀ ਕਮਿਸ਼ਨਰ, ਸਾਹਿਤਕਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਇਸ ਮਾਰਚ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬੀ ਮਾਹ ਦੇ ਮੱਦੇਨਜ਼ਰ 23 ਨਵੰਬਰ 2022 ਨੂੰ ਸਥਾਨਕ ਐਸਐਸਡੀ ਗਰਲਜ਼ ਕਾਲਜ ਵਿਖੇ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀ ਨਾਲ ਰੂ-ਬ-ਰੂ ਤੇ ਵਾਰ ਗਾਇਨ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 24, 25 ਅਤੇ 26 ਨਵੰਬਰ 2022 ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਨੁੱਕੜ ਨਾਟਕ ਵੀ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਖੋਜ ਅਫ਼ਸਰ ਨਵਪ੍ਰੀਤ ਸਿੰਘ, ਸ਼ਹਿਰ ਦੀਆਂ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਰਣਬੀਰ ਰਾਣਾ, ਪਵਨ ਨਾਦ, ਮਲਕੀਤ ਸਿੰਘ ਮਛਾਣਾ, ਲਛਮਣ ਮਲੂਕਾ, ਅਮਰਜੀਤ ਪੇਂਟਰ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।
ਭਾਸ਼ਾ ਹਰੇਕ ਇਨਸਾਨ ਦਾ ਮਾਣ ਤੇ ਪਹਿਚਾਣ ਹੁੰਦੀ ਹੈ : ਸ਼ੌਕਤ ਅਹਿਮਦ ਪਰੇ
11 Views