ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ : ਦੋ ਦਿਨ ਪਹਿਲਾਂ ਸਿਆਸੀ ਸ਼ਹਿ ’ਤੇ ਭੂ-ਮਾਫ਼ੀਏ ਵਲੋਂ ਸਥਾਨਕ ਫ਼ੇਜ-3 ਇਲਾਕੇ ’ਚ ਬਹੁਕਰੋੜੀ ਜਮੀਨ ’ਤੇ ਬਣਾਈ ਨਜਾਇਜ਼ ਗਲੀ ਦੀ ਅੱਜ ਪ੍ਰਸ਼ਾਸਨ ਨੇ ਹੋਂਦ ਮਿਟਾ ਦਿੱਤੀ। ਹਾਲਾਂਕਿ ਇਸ ਮੌਕੇ ਇੱਕ ਕਾਂਗਰਸੀ ਕੋਂਸਲਰ ਦੀ ਅਗਵਾਈ ਹੇਠ ਕੁੱਝ ਲੋਕਾਂ ਵਲੋਂ ਵਿਰੋਧ ਕਰਨ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਅਧਿਕਾਰੀਆਂ ਨੇ ਜੇਸੀਬੀ ਦੀ ਮੱਦਦ ਨਾਲ ਇੱਥੇ ਨਜਾਇਜ਼ ਤੌਰ ’ਤੇ ਲਗਾਈਆਂ ਇੰਟਰਲੋਕ ਟਾਈਲਾਂ ਨੂੰ ਉਖ਼ਾੜ ਦਿੱਤਾ। ਇਹੀਂ ਨਹੀਂ ਅਧਿਕਾਰੀਆਂ ਨੇ ਨਜਾਇਜ਼ ਤੌਰ ’ਤੇ ਗਲੀ ਬਣਾਉਣ ਦੇ ਮਾਮਲੇ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਹਨ। ਦਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਅੱਜ ਰੋਜ਼ਾਨਾ ਸਪੋਕਸਮੈਨ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਗਿਆ ਸੀ। ਉਧਰ ਵਿਰੋਧੀਆਂ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲ ਵੀ ਸਿਕਾਇਤ ਭੇਜੀ ਹੈ। ਦਸਣਾ ਬਣਦਾ ਹੈ ਕਿ ਚੋਣ ਜਾਬਤੇ ਦਾ ਲਾਹਾ ਲੈਂਦਿਆਂ ਫ਼ੇਜ-3 ਨੂੰ ਮੁੜਣ ਵਾਲੀ ਸੜਕ ਨਾਲ ਪਾਵਰ ਹਾਊਸ ਰੋਡ ਦੀ ਇੱਕ ਸੜਕ ਨੂੰ ਜੋੜਣ ਲਈ ਪੁੱਡਾ ਦੇ ਖ਼ਾਲੀ ਪਏ ਪਲਾਟ ਵਿਚ ਕੁੱਝ ਦਿਨ ਪਹਿਲਾਂ ਇਹ ਗਲੀ ਬਣਾਉਣ ਲਈ ਮਿੱਟੀ ਪਾਈ ਗਈ ਸੀ ਪ੍ਰੰਤੂ ਦੋ ਦਿਨ ਪਹਿਲਾਂ ਇਸ ਮਿੱਟੀ ’ਤੇ ਨਜਾਇਜ਼ ਤੌਰ ’ਤੇ ਇੰਟਰਲੋਕ ਟਾਈਲਾਂ ਲਗਾ ਕੇ ਇਸਨੂੰ ਗਲੀ ਦਾ ਰੂਪ ਦੇ ਦਿੱਤਾ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰੀ ਦੱਸੇ ਜਾ ਰਹੇ ਉਕਤ ਪਲਾਟ ਦੀ ਮਲਕੀਅਤ ਪੁੱਡਾ ਕੋਲ ਹੈ ਪ੍ਰੰਤੂ ਇਸਦੇ ਬਾਵਜੂਦ ਉਥੇ ਕੁੱਝ ਜਗ੍ਹਾਂ ਨੂੰ ਵਪਾਰਕ ਬਣਾਉਣ ਦੇ ਮਕਸਦ ਨਾਲ ਇਹ ਕਾਰਵਾਈ ਕਰ ਦਿੱਤੀ ਗਈ। ਚਰਚਾ ਇਹ ਵੀ ਦਸੀ ਜਾ ਰਹੀ ਹੈ ਕਿ ਇਸਦੇ ਪਿੱਛੇ ਪਿਛਲੇ ਕੁੱਝ ਸਾਲਾਂ ’ਚ ਅਮੀਰ ਹੋਏ ਇੱਕ ਸਿਆਸੀ ਆਗੂ ਦੀ ਵੱਡੀ ਭੂਮਿਕਾ ਹੈ। ਸੂਤਰ ਤਾਂ ਇਹ ਵੀ ਖ਼ੁਲਾਸਾ ਕਰ ਰਹੇ ਹਨ ਕਿ ਇੱਥੇ ਲਗਾਈਆਂ ਟਾਈਲਾਂ ਵੀ ਨਗਰ ਨਿਗਮ ਵਲੋਂ ਪੁੱਟੀਆਂ ਜਾ ਰਹੀਆਂ ਪੁਰਾਣੀਆਂ ਟਾਈਲਾਂ ਵਿਚੋਂ ਚੁੱਕੀਆਂ ਗਈਆਂ ਹਨ, ਜਿਸਦੇ ਚੱਲਦੇ ਨਿਗਮ ਦੇ ਇੱਕ ਚਰਚਿਤ ਅਧਿਕਾਰੀ ਦੀ ਵੀ ਭੂਮਿਕਾ ਵੀ ਜਾਂਚ ਦਾ ਵਿਸ਼ਾ ਬਣਦੀ ਹੈ। ਉਧਰ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ‘ਤੇ ਕਬਜੇ ਨੂੰ ਬਰਦਾਸਤ ਨਹੀਂ ਕਰੇਗਾ ਅਤੇ ਚੋਣਾਂ ਤੋਂ ਬਾਅਦ ਭੂ-ਮਾਫੀਆ ਵੱਲੋਂ ਗਲੀ ਬਣਾਉਣ ਦੀ ਸਾਜਿਸ ਰਚਣ ਵਾਲੇ ਮੁਲਾਜਮਾਂ ਤੇ ਹੋਰਨਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਨਿਗਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਟਾਈਲਾਂ ਨੂੰ ਵਾਪਸ ਚੁੱਕਿਆ ਜਾਵੇਗਾ ਤੇ ਸਬੰਧਤ ਖੇਤਰ ਦੇ ਮੁਲਾਜਮ ਤੋਂ ਇਸ ਸਬੰਧੀ ਪੁੱਛਿਆ ਜਾਵੇਗਾ।
Share the post "ਭੂ-ਮਾਫ਼ੀਏ ਵਲੋਂ ਸਿਆਸੀ ਸ਼ਹਿ ’ਤੇ ਬਣਾਈ ਨਜਾਇਜ਼ ਗਲੀ ਦੀ ਪ੍ਰਸ਼ਾਸਨ ਨੇ ਹੋਂਦ ਮਿਟਾਈ"