ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿੱਚ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ, ਲੋਕ ਪੰਜਾਬ ਦਾ ਵਿਕਾਸ ਚਾਹੁੰਦੇ ਹਨ, ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀ ਸਹਾਇਤਾ ਚਾਹੁੰਦੇ ਹਨ ,ਜੋ ਕਾਂਗਰਸ ਸਰਕਾਰ ਦੇਣ ਵਿੱਚ ਅਸਮਰੱਥ ਰਹੀ ਤੇ ਆਪਣੀ ਗੁੱਟਬਾਜ਼ੀ ਦਾ ਸ਼ਿਕਾਰ ਹੋ ਕੇ ਪਾਟੋ ਧਾੜ ਹੋ ਕੇ ਰਹਿ ਗਈ, ਜਿਸ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ । ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਹੈ ਜਿਸ ਦੇ ਮਨਸੂਬੇ ਪੰਜਾਬੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਅਕਾਲੀ ਬਸਪਾ ਸਰਕਾਰ ਬਣਨ ਤੇ ਸੂਬੇ ਦਾ ਚੌਹਮੁਖੀ ਵਿਕਾਸ ਕਰਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਉਹ ਹੋਣਾ ਚਾਹੀਦਾ ਹੈ ਜਿਸ ਦੀ ਸੋਚ ਵਿਕਾਸ ਅਤੇ ਹਰ ਵਰਗ ਦੀ ਖੁਸ਼ਹਾਲੀ ਹੋਵੇ ਨਾ ਕਿ ਭਗਵੰਤ ਮਾਨ ਵਰਗਾ ਸ਼ਰਾਬੀ ਅਤੇ ਨਵਜੋਤ ਸਿੰਘ ਸਿੱਧੂ ਵਰਗਾ ਕਮੇਡੀ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗਾ ਘਪਲੇਬਾਜ਼ ਜੋ 111 ਦਿਨਾਂ ਵਿੱਚ 1100 ਕਰੋੜ ਤੋਂ ਵੱਧ ਦੇ ਘਪਲੇ ਕਰਨ ਵਿੱਚ ਸਾਮਲ ਹੈ। ਉਨ੍ਹਾਂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੂੰ ਸਭ ਤੋਂ ਸ਼ਰੀਫ਼ ਸਿਆਸੀ ਲੀਡਰ ਆਖਦਿਆਂ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਤੇ ਇਲਾਕਾ ਨਿਵਾਸੀਆਂ ਨੇ ਮੋਹਰ ਲਾ ਦਿੱਤੀ ਹੈ ਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਇਲਾਕਾ ਨਿਵਾਸੀਆਂ ਦੀ ਉਮੀਦ ਤੇ ਖਰੇ ਉਤਰਨਗੇ ਤੇ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਜੀਅ ਤੋੜ ਯਤਨ ਕੀਤੇ ਜਾਣਗੇ । ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਰਪਿੰਦਰ ਹਨੀ, ਗੋਲਡੀ ਸੰਗਤ, ਸੁਖਦੇਵ ਸਿੰਘ ਚਹਿਲ, ਹਰਜੀਤ ਸਿੰਘ ਕਾਲ ਝਰਾਣੀ, ਜਗਰੂਪ ਸਿੰਘ ਸੰਗਤ ,ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਰਹੀ।
ਭੱਟੀ ਦੇ ਹੱਕ ’ਚ ਸੁਖਬੀਰ ਬਾਦਲ ਨੇ ਕੀਤੀ ਚੋਣ ਰੈਲੀ
9 Views