ਮਾਮਲਾ ਵਗੈਰ ਨਕਸ਼ਾ ਪਾਸ ਕਰਵਾਏ ਮਕਾਨ ਪਾਉਣ ਦਾ
ਸਤਾਧਾਰੀ ਲੀਡਰ ’ਤੇ ਮਕਾਨ ਢਾਹੁਣ ਦੇ ਲਗਾਏ ਜਾ ਰਹੇ ਨੇ ਦੋਸ਼
ਭੋਲਾ ਸਿੰਘ ਮਾਨ
ਮੌੜ ਮੰਡੀ, 19 ਜਨਵਰੀ:ਜਲੰਧਰ ਦੇ ਲਤੀਫਪੁਰਾ ਦੀ ਘਟਨਾ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਮੌੜ ਅੰਦਰ ਵੀ ਮਹੌਲ ਉਸ ਵਖ਼ਤ ਤਨਾਅ ਪੂਰਨ ਬਣ ਗਿਆ ਜਦੋਂ ਭਾਰੀ ਪੁਲਿਸ ਦੇ ਬਲ ’ਤੇ ਨਗਰ ਕੌਂਸਲ ਮੌੜ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਵੱਲੋਂ ਵਾਰਡ ਨੰਬਰ 15 ’ਚ ਗਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਦੇ ਮਕਾਨ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੇ ਸੀ। ਪ੍ਰਸ਼ਾਸ਼ਨ ਦੇ ਰਵੱਈਏ ਤੋਂ ਤੰਗ ਆ ਕੇ ਲੋਕਾਂ ਨੇ ਮਕਾਨ ਦੀ ਛੱਤ ਤੇ ਚੜ੍ਹ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਹੋਰ ਵੀ ਲੋਕ ਪਰਿਵਾਰ ਦੀ ਮੱਦਦ ਤੇ ਆ ਗਏ ਅਤੇ ਉਹਨਾਂ ਕਾਰਜ ਸਾਧਕ ਅਫਸਰ ਖ਼ਿਲਾਫ ਧਰਨਾ ਲਗਾਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਨਗਰ ਕੋਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਪਾਰਟੀ ਨੂੰ ਵਾਪਸ ਬੇਰੰਗ ਮੁੜਨਾ ਪਿਆ। ਮਕਾਨ ਮਾਲਕ ਮਹਿੰਗਾ ਸਿੰਘ ਦਾ ਕਹਿਣਾ ਹੈ ਕਿ ਮੈਂ ਮਜਦੂਰੀ ਕਰਕੇ ਆਪਣਾ ਮਕਾਨ ਬਣਾ ਰਿਹਾ ਸੀ, ਪ੍ਰੰਤੂ ਸਤਾਧਾਰੀ ਲੀਡਰ ਦੇ ਦਬਾਅ ਹੇਠ ਆ ਕੇ ਧੱਕੇ ਨਾਲ ਉਸ ਦਾ ਮਕਾਨ ਢਾਹਿਆ ਜਾ ਰਿਹਾ ਹੈ, ਜਦੋਂ ਕਿ ਮੌੜ ਕਲਾਂ ਅਤੇ ਮੌੜ ਖੁਰਦ ਤੋਂ ਇਲਾਵਾ ਸ਼ਹਿਰ ਅੰਦਰ ਬਿਨਾਂ ਨਕਸ਼ੇ ਪਾਸ ਹੋਏ ਸੈਕੜੇ ਮਕਾਨ ਬਣੇ ਹੋਏ ਹਨ। ਪ੍ਰੰਤੂ ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਉਸਦੇ ਮਕਾਨ ਨੂੰ ਸਿਆਸੀ ਦਬਾਅ ਹੇਠ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉੱਧਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਮਹਿੰਗਾ ਸਿੰਘ ਪੁੱਤਰ ਰਾਮਰਤਨ ਸਿੰਘ ਵਾਸੀ ਮੌੜ ਮੰਡੀ ਨੇ ਵਗੈਰ ਨਕਸ਼ਾ ਪਾਸ ਕਰਵਾਏ ਅਤੇ ਗਲੀ ’ਚ ਮਕਾਨ ਦਾ ਬਾਧਰਾ ਕੱਢ ਲਿਆ ਹੈ। ਇਸ ਤੋਂ ਇਲਾਵਾ ਅਸੀ ਨੋਟਿਸ ਵੀ ਦੇ ਚੁੱਕੇ ਹਾਂ ਪ੍ਰੰਤੂ ਮਕਾਨ ਮਾਲਕ ਨੇ ਨਜਾਇਜ਼ ਉਸਾਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀ ਪੁਲਿਸ ਦੀ ਮੱਦਦ ਨਾਲ ਨਜਾਇਜ਼ ਉਸਾਰੀ ਤੇ ਕਾਰਵਾਈ ਕਰਨ ਆਏ ਸੀ, ਤਾਂ ਮਹਿੰਗਾ ਸਿੰਘ ਸਮੇਂਤ ਢਾਈ ਦਰਜ਼ਨ ਵਿਅਕਤੀਆਂ ਨੇ ਸਰਕਾਰੀ ਕੰਮ ’ਚ ਵਿਘਨ ਪਾਇਆ ਹੈ। ਜਿਸ ਕਾਰਨ ਉਕਤ ਵਿਅਕਤੀਆਂ ਖ਼ਿਲਾਫ਼ ਅਸੀ ਪੁਲਿਸ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਕਰ ਦਿੱਤੀ ਹੈ।
Share the post "ਮਕਾਨ ਢਾਹੁਣ ਆਏ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ"