ਵਿਧਾਇਕ ਤੇ ਪੁੱਤਰ ਸਹਿਤ ਹੋਰਨਾਂ ਵਿਰੁਧ ਕੀਤੀ ਮੁਕੱਦਮਾ ਦਰਜ਼ ਕਰਨ ਦੀ ਮੰਗ
ਮੁੱਖ ਮੰਤਰੀ ਦੇ ਓ ਐਸ ਡੀ ਅਤੇ ਸੋਸ਼ਲ ਮੀਡੀਆ ਮੈਨੇਜਰ ਦੀ ਵੀ ਬਰਖ਼ਾਸਤਗੀ ਮੰਗੀ ਜਿਹਨਾਂ ਨੂੰ ਪੰਜਾਬੀ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਨਿਯੁਕਤ ਕੀਤਾ ਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 1 ਮਈ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਆਪਣੇ ਪੁੱਤਰ ਲਈ ਸਬ ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਵਾਸਤੇ 50 ਫੀਸਦੀ ਅਪੰਗਤਾ ਲਈ ਜਾਅਲੀ ਸਰਟੀਫਿਕੇਟ ਬਣਾਇਆ ਹੈ, ਜਿਸਦੇ ਲਈ ਵਿਧਾਇਕ ਤੇ ਪੁੱਤਰ ਸਹਿਤ ਉਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਦਮਪੁਰ ਦੇ ਵਿਧਾਇਕ ਤੇ ਪੰਜਾਬ ਪੁਲਿਸ ਦੇ ਸਾਬਕਾ ਡੀ ਸੀ ਪੀ ਬਲਕਾਰ ਸਿੰਘ ਦੇ ਪੁੱਤਰ ਸੁਸ਼ੋਭਿਤਵੀਰ ਸਿੰਘ ਸਬ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜੋ ਕਾਂਗਰਸ ਸਰਕਾਰ ਵੇਲੇ ਅਗਸਤ 2021 ਵਿਚ ਸ਼ੁਰੂ ਹੋਈ ਸੀ, ਵਿਚ ਫੇਲ੍ਹ ਹੋ ਗਿਆ ਸੀ। ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਵਿਚ ਪ੍ਰੀਖਿਆ ਵਿਚ ਫੇਲ੍ਹ ਹੋਣ ਮਗਰੋਂ ਸੁਸ਼ੋਭਿਤਵੀਰ ਨੇ ਆਪਣੀ ਕੈਟਾਗਿਰੀ ਬਦਲ ਲਈ। 20.10.22 ਨੂੰ ਸੂਬੇ ਦੇ ਡੀ ਜੀ ਪੀ ਨੇ ਸਾਬਕਾ ਡੀ ਸੀ ਪੀ ਨੂੰ ਪੱਤਰ ਦਿੱਤਾ ਜਿਸ ਵਿਚ ਦੱਸਿਆ ਕਿ ਉਹਨਾਂ ਦੀ ਬੇਨਤੀ ’ਤੇ ਉਹਨਾਂ ਦਾ ਪੁੱਤਰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ 2 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਤਹਿਤ ਯੋਗ ਹੈ ਤੇ ਬਲਕਾਰ ਸਿੰਘ 50 ਫੀਸਦੀ ਅਪੰਗ ਹੈ। ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਰਟੀਫਿਕੇਟ ਜਿਸਦੇ ਆਧਾਰ ’ਤੇ ਸੁਸ਼ੋਭਿਤਵੀਰ ਨੇ ਹਾਈ ਕੋਰਟ ਵਿਚ ਪਹੁੰਚ ਕੀਤੀ ਤੇ ਸ਼ਾਰਟ ਲਿਸਟ ਕੀਤੇ 4000 ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਰੁਕਵਾ ਦਿੱਤੀ, ਝੂਠਾ ਹੈ। ਉਹਨਾਂ ਨੇ ਤਸਵੀਰਾਂ ਵਿਖਾ ਕੇ ਸਾਬਤ ਕੀਤਾ ਕਿ ਬਲਕਾਰ ਸਿੰਘ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਨਹੀਂ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਆਪਣੀ ਅਰਜ਼ੀ ਦੇਣ ਤੋਂ ਬਾਅਦ ਆਪਣਾ ਵਰਗ ਯਾਨੀ ਕੈਟਾਗਿਰੀ ਨਹੀਂ ਬਦਲ ਸਕਦਾ।ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਦੇ ਵਿਧਾਇਕ ਦੀ ਮਦਦ ਵਾਸਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਹੈ ਤੇ ਸੂਬੇ ਦੇ ਡੀ ਜੀ ਪੀ ਨੇ ਵਿਧਾਇਕ ਨੂੰ ਗਲਤ ਸਰਟੀਫਿਕੇਟ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਮੈਡੀਕਲ ਬੋਰਡ ਕੋਲੋਂ ਕਰਤਾਰਪੁਰ ਦੇ ਵਿਧਾਇਕ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਉਹ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਹਨ ਜਾਂ ਨਹੀਂ। ਇਸੇ ਤਰ੍ਹਾਂ ਅਕਾਲੀ ਆਗੂ ਨੇ ਇਹ ਖੁਲ੍ਹਾਸਾ ਵੀ ਕੀਤਾ ਕਿ ਕਿਵੇਂ ਗੈਰ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਬਹੁਤ ਜ਼ਿਆਦਾ ਤਨਖਾਹਾਂ ’ਤੇ ਨੌਕਰੀਆਂ ’ਤੇ ਰੱਖ ਰਹੀ ਹੈ ਜਦੋਂ ਕਿ ਉਹ ਪੰਜਾਬੀ ਆਉਂਦੀ ਹੋਣ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਹਨਾਂ ਦੱਸਿਆ ਕਿ ਦਿੱਲੀ ਵਿਚ ਓਖਲਾ ਦੇ ਆਦਿਲ ਆਜ਼ਮੀ ਨੂੰ ਮੁੱਖ ਮੰਤਰੀ ਦਾ ਓ ਐਸ ਡੀ (ਮੀਡੀਆ) ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਇਕ ਨੂੰ ਸੋਸ਼ਲ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਦੀਆਂ ਤਨਖਾਹਾਂ ਕ੍ਰਮਵਾਰ ਡੇਢ ਲੱਖ ਰੁਪਏ ਤੇ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਹਨ ਤੇ ਇਸਦੇ ਨਾਲ ਹੀ ਸਰਕਾਰੀ ਘਰ ਤੇ ਗੱਡੀਆਂ ਦੀ ਸਹੂਲਤ ਵੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਭਰਤੀਆਂ ਤੁਰੰਤ ਰੱਦ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚੁਣੇ ਉਮੀਦਵਾਰ 10ਵੀਂ ਤੱਕ ਪੰਜਾਬੀ ਨਹੀਂ ਪੜ੍ਹੇ। ਉਹਨਾਂ ਨੇ ਦਿੱਲੀ ਤੇ ਭਾਰਤ ਦੇ ਹੋਰ ਭਾਗਾਂ ਤੋਂ ਅਫਸਰ ਦਰਾਮਦ ਕਰਨ ਦਾ ਮਾਮਲਾ ਵੀ ਚੁੱਕਿਆ ਤੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਹੁਨਰ ਰਹਿ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੇ ਦੋ ਯੋਗਾ ਅਧਿਆਪਕ ਰੱਖੇ ਜਿਹਨਾਂ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਤੇ ਇਹ ਸਭ ਕੁਝ ਦਿੱਲੀ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਦੇ ਸਾਬਕਾ ਅਫਸਰਸ਼ਾਹਾਂ ਨੂੰ ਪੰਜਾਬ ਵਿਚ ਐਡਜਸਟ ਕੀਤਾ ਜਾ ਰਿਹਾ ਹੈ ਤੇ ਸਤਿਆ ਗੋਪਾਲ ਨੂੰ ਰੇਰਾ ਦਾ ਚੇਅਰਮੈਨ ਲਗਾਇਆ ਗਿਆ ਜਦੋਂ ਕਿ ਰਾਕੇਸ਼ ਗੋਇਲ ਨੂੰ ਰੈਰਾ ਦਾ ਮੈਂਬਰ ਅਤੇ ਸਤਬੀਰ ਬੇਦੀ ਨੂੰ ਪੀ ਐਸ ਈਬੀ ਦਾ ਚੇਅਰਮੈਨ ਲਗਾਇਆ ਗਿਆ ਹੈ।
Share the post "ਮਜੀਠਿਆ ਦਾ ਵੱਡਾ ਖ਼ੁਲਾਸਾ: ਆਪ ਵਿਧਾਇਕ ਨੇ ਪੁੱਤਰ ਦੀ ਥਾਣੇਦਾਰੀ ਲਈ ਬਣਾਇਆ ਅਪੰਗਤਾ ਦਾ ਝੂਠਾ ਸਰਟੀਫਿਕੇਟ"