ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਅਨੈਤਿਕ ਗਠਜੋੜ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਅਨੈਤਿਕ ਗਠਜੋੜ ਕਰਨ ਵਾਸਤੇ ਪੰਜਾਬ ਨੂੰ ਵਰਤਿਆ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ: ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਸੀਟਾਂ ਦੇ ਬੈਠਣ ਦੀ ਨਵੀਂ ਤਰਤੀਬ ਦਾ ਐਲਾਨ ਕਰ ਕੇ ਕਾਂਗਰਸ ਦੇ ਵਿਧਾਇਕਾਂ ਨੂੰ ਹੁਣ ਸੱਤਾਧਾਰੀ ਧਿਰ ਵਾਲੇ ਬੈਂਚਾਂ ’ਤੇ ਬੈਠਣ ਦੀ ਥਾਂ ਅਲਾਟ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਅਧਿਕਾਰਤ ਵਿਰੋਧੀ ਧਿਰ ਦਾ ਭੋਗ ਪੈ ਗਿਆ ਹੈ। ਇਹ ਹੁਣ ਵਿਰੋਧੀ ਧਿਰ ਨਹੀਂ ਰਹੀ ਤੇ ਇਹ ਗੱਲ ਅਧਿਕਾਰ ਤੌਰ ’ਤੇ ਸਾਹਮਣੇ ਹੈ। ਕਾਂਗਰਸ ਹੁਣ ਸੱਤਾਧਾਰੀ ਪਾਰਟੀ ਦਾ ਹਿੱਸਾ ਬਣ ਗਈ ਹੈ।ਅਕਾਲੀ ਆਗੂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਆਪਸੀ ਲੈਣ ਦੇਣ ਵਾਸਤੇ ਸਮਝੌਤਾ ਕੀਤਾ ਜਿਸ ਵਿਚ ਪੰਜਾਬ ਦੀ ਸ਼ਹਾਦਤ ਦਿੱਤੀ ਗਈ ਹੈ ਤੇ ਕੌਮੀ ਪੱਧਰ ’ਤੇ ਖੇਡਾਂ ਖੇਡੀਆਂ ਜਾ ਰਹੀਆਂ ਹਨ। ਸ:ਮਜੀਠੀਆ ਨੇ ਦੋਵੇਂ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਪਾਰਟੀਆਂ ਦੇ ਰਲੇਵੇਂ ਨੂੰ ਦੋਵਾਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਵੱਡੀ ਗੱਦਾਰੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਸਿਰਫ ਅਕਾਲੀ ਦਲ ਨਾਲ ਆਪਣੀ ਨਫਰਤ ਸਾਂਝੀ ਕਰਨ ਵਾਸਤੇ ਵਿਧਾਨ ਸਭਾ ਚੋਣਾਂ ਵਿਚ ਇਕ ਦੂਜੇ ਦਾ ਵਿਰੋਧ ਕਰਨ ਦਾ ਡਰਾਮਾ ਰਚਿਆ।ਅਕਾਲੀ ਆਗੂ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਇਕ ਦੂਜੇ ਨਾਲ ਆਪਸੀ ਲੈਣ ਦੇਣ ਦਾ ਸਮਝੌਤਾ ਤੈਅ ਕੀਤਾ ਹੈ ਜਿਸ ਮੁਤਾਬਕ ਕੌਮੀ ਪੱਧਰ ’ਤੇ ਖੇਡਣ ਵਾਸਤੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਗਈ ਹੈ। ਹੋਏ ਸਮਝੌਤੇ ਮੁਤਾਬਕ ਕਾਂਗਰਸ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਆਪ ਦੇ ਖਿਲਾਫ ਚੋਣਾਂ ਨਹੀਂ ਲੜੇਗੀ ਅਤੇ ਦੇਸ਼ ਭਰ ਵਿਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦਾ ਕਿਤੇ ਵੀ ਵਿਰੋਧ ਨਹੀਂ ਕਰੇਗੀ।ਇਸ ਸਮਝੌਤੇ ਮੁਤਾਬਕ ਕਾਂਗਰਸ ਦੇ ਕੁਝ ਐਮ ਪੀ ਪਾਰਟੀ ਛੱਡ ਕੇ ਅਪ ਵਿਚ ਸ਼ਾਮਲ ਹੋਣਗੇ ਜਿਵੇਂ ਕੁਝ ਸਾਬਕਾ ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਛੱਡ ਕੇ ਆਪ ਵਿਚ ਸ਼ਮੂਲੀਅਤ ਕੀਤੀ ਤੇ ਕਾਂਗਰਸ ਦੀ ਲੁਕਵੀਂ ਮਦਦ ਨਾਲ ਮੈਂਬਰ ਪਾਰਲੀਮੈਂਟ ਬਣ ਗਏ।ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਅਤੇ ਖਾਲਸਾ ਪੰਥ ਦੇ ਅਸਲ ਪ੍ਰਤੀਨਿਧਾਂ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਰੋਕਣ ਵਾਸਤੇ ਸਾਜ਼ਿਸ਼ਾਂ ਰਚੀਆਂ ਹਨ ਤੇ ਇਹ ਰਲ ਕੇ ਖੇਡ ਰਹੀਆਂ ਹਨ।
Share the post "ਮਜੀਠੀਆ ਨੇ ਕਾਂਗਰਸ-ਆਪ ਦੇ ਅਨੈਤਿਕ ਗਠਜੋੜ ਦੀ ਕੀਤੀ ਨਿਖੇਧੀ,ਕਿਹਾ ਕਿ ਪੰਜਾਬ ਵਿਚ ਅਧਿਕਾਰਤ ਵਿਰੋਧੀ ਧਿਰ ਦਾ ਭੋਗ ਪਿਆ"