21 Views
👉ਇੱਕ ਹੀ ਕੰਪਿਊਟਰ ਤੋਂ ਬੈਠ ਕੇ ਤਿੰਨਾਂ ਬੋਲੀਕਾਰਾਂ ਨੇ ਦਿੱਤੀ ਸੀ ਬੋਲੀ!
👉ਬੀਡੀਏ ਦੇ ਅਧਿਕਾਰੀ ਵੀ ਆਏ ਸ਼ੱਕ ਦੇ ਦਾਈਰੇ ਵਿਚ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਉੂਨ ਵਿਚ ਅਪਣੀ ਰਿਹਾਇਸ਼ ਬਣਾਉਣ ਲਈ ਖਰੀਦੇ 1500 ਗਜ਼ ਦੇ ਦੋ ਪਲਾਟਾਂ ਦੀ ਜਾਂਚ ਦੇ ਮਾਮਲੇ ਵਿਚ ਹੁਣ ਬੀਡੀਏ ਦੇ ਅਧਿਕਾਰੀ ਵੀ ਸ਼ੱਕ ਦੇ ਦਾਈਰੇ ਵਿਚ ਆ ਗਏ ਹਨ। ਵਿਜੀਲੈਂਸ ਵਲੋਂ ਹੁਣ ਸਾਬਕਾ ਵਿਤ ਮੰਤਰੀ ਕੋਲੋਂ ਪੁਛਗਿਛ ਕਰਨ ਤੋਂ ਬਾਅਦ ਬੀਡੀਏ ਦੇ ਤਤਕਾਲੀ ਉਚ ਅਧਿਕਾਰੀਆਂ ਨੂੰ ਸੰਮਨ ਕੱਢਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਹੁਣ ਤੱਕ ਹੋਈ ਜਾਂਚ ਦੌਰਾਨ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿੰਨ੍ਹਾਂ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਪਲਾਟ ਦੀ ਬੋਲੀ ਦੇਣ ਵਾਲੇ ਤਿੰਨ ਬੋਲੀਕਾਰਾਂ ਨੇ 27 ਸਤੰਬਰ 2021 ਨੂੰ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਬੋਲੀ ਦਿੱਤੀ ਸੀ। ਇਹ ਤੱਥ ਤਕਨੀਕੀ ਜਾਂਚ ਦੌਰਾਨ ਸਾਹਮਣੇ ਆਏ ਹਨ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਬੀਡੀਏ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਉਸ ਸਮੇਂ ਵੀ ਇੰਨ੍ਹਾਂ ਪਲਾਟਾਂ ਨੂੰ ਰਿਹਾਇਸ਼ੀ ਦੀ ਬਜਾਏ ਵਪਾਰਕ ਦਰਸਾਇਆ ਹੋਇਆ ਸੀ, ਜਦ ਇੰਨ੍ਹਾਂ ਪਲਾਟਾਂ ਦੀ ਆਨ-ਲਾਈਨ ਬੋਲੀ ਕੀਤੀ ਜਾ ਰਹੀ ਸੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਜਦ 17 ਸਤੰਬਰ 2021 ਤੋਂ 27 ਸਤੰਬਰ 2021 ਤੱਕ ਆਨ-ਲਾਈਨ ਚੱਲੀ ਤਾਂ ਇਸ ਬੋਲੀ ਵਿਚ 26 ਸਤੰਬਰ ਤੱਕ ਕੋਈ ਵੀ ਬੋਲੀਕਾਰ ਸਾਹਮਣੇ ਨਹੀਂ ਆਇਆ ਸੀ ਪ੍ਰੰਤੂ 27 ਸਤੰਬਰ ਨੂੰ ਇੰਨ੍ਹਾਂ ਤਿੰਨਾਂ ਬੋਲੀਕਾਰਾਂ ਰਜੀਵ , ਵਿਕਾਸ ਅਤੇ ਅਮਨਦੀਪ ਵਲੋਂ ਕਰੀਬ ਦੋ ਘੰਟਿਆਂ ਵਿਚ ਹੀ ਇਸ ਬੋਲੀ ਦਾ ਕੰਮ ਨਿਬੇੜ ਦਿੱਤਾ ਗਿਆ।ਸੂਤਰਾਂ ਅਨੁਸਾਰ ਇਸ ਬੋਲੀ ਵਿਚ ਹਿੱਸਾ ਲੈਣ ਵਾਲੇ ਸਫ਼ਲ ਬੋਲੀਕਾਰ ਰਜੀਵ ਕੁਮਾਰ ਵਲੋਂ ਬੀਡੀਏ ਨੂੰ ਜਮ੍ਹਾਂ ਕਰਵਾਈ ਜਾਣ ਵਾਲੀ ਅਰਨੇਸਟ ਮਨੀ ਦੇ ਪੈਸੇ ਵੀ ਤਤਕਾਲੀ ਵਿਤ ਮੰਤਰੀ ਨੇ ਹੀ 4 ਅਕਤੂਬਰ 2021 ਨੂੰ ਅਪਣੇ ਖਾਤੇ ਵਿਚੋਂ ਭੇਜੇ ਸਨ, ਜਿੰਨ੍ਹਾਂ ਪੈਸਿਆਂ ਵਿਚੋਂ ਹੀ 5 ਅਕਤੂਬਰ ਨੂੰ ਰਾਜੀਵ ਨੇ ਬੀਡੀਏ ਨੂੰ ਪੈਸੇ ਅਦਾ ਕੀਤੇ ਸਨ। ਜਿਸਤੋਂ ਬਾਅਦ 8 ਅਕਤੂਬਰ 2021 ਨੂੰ ਇਸ ਪਲਾਟ ਦਾ ਬੀਡੀਏ ਵਲੋਂ ਅਲਾਟਮੈਂਟ ਪੱਤਰ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਇਸ ਪਲਾਟ ਦੀ ਰਜਿਸਟਰੀ 17 ਅਗਸਤ 2022 ਨੂੰ ਕਰਵਾਈ ਗਈ ਹੈ। ਤੱਥਾਂ ਮੁਤਾਬਕ ਇੰਨ੍ਹਾਂ ਪਲਾਟਾਂ ਦੀ ਰਜਿਸਟਰੀ ਵਿਚ ਬਤੌਰ ਗਵਾਹ ਸੁਖਵਿੰਦਰ ਸਿੰਘ ਵਲੋਂ ਗਵਾਹੀ ਦਿੱਤੀ ਹੋਈ ਹੈ। ਦਸਣਾ ਬਣਦਾ ਹੈ ਕਿ ਇਸ ਪਲਾਟ ਵਿਚ ਮਕਾਨ ਬਣਾਉਣ ਲਈ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 15 ਅਕਤੂਬਰ 2021 ਨੂੰ ਰੱਖੀ ਗਈ ਸੀ। ਗੌਰਤਲਬ ਹੈਕਿ ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਸਿਕਾਇਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਪਲਾਟ ਨੂੰ ਖਰੀਦਣ ਲਈ ਬੀਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤਤਕਾਲੀ ਮੰਤਰੀ ਨੇ ਅਪਣਾ ਪ੍ਰਭਾਵ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਚੂਨਾ ਲਗਾਇਆ ਹੈ। ਉਂਜ 24 ਜੁਲਾਈ ਨੂੰ ਵਿਜੀਲੈਂਸ ਵਲੋਂ ਪੁਛਗਿਛ ਲਈ ਸੱਦੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਵਿਰੁਧ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਇੰਨਾਂ ਪਲਾਟ ਨੂੰ ਵਪਾਰਕ ਤੋਂ ਰਿਹਾਇਸੀ ਕਰਨ ਦਾ ਸੀਐਲਯੁੂ 2012-13 ਦੌਰਾਨ ਅਕਾਲੀ ਸਰਕਾਰ ਸਮੇਂ ਹੀ ਹੋ ਗਿਆ ਸੀ। ਬਹਰਹਾਲ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
ਬਾਕਸ
ਕੋਈ ਗੜਬੜੀ ਨਹੀਂ ਹੋਈ, ਸਾਰਾ ਕੁੱਝ ਨਿਯਮਾਂ ਮੁਤਾਬਕ ਹੋਇਆ: ਜੌਹਲ
ਬਠਿੰਡਾ: ਉਧਰ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋ ਜੋ ਨੇ ਦਾਅਵਾ ਕੀਤਾ ਕਿ ਪਲਾਟ ਲੈਣ ਵਿਚ ਕੋਈ ਗੜਬੜੀ ਨਹੀਂ ਹੋਈ, ਬਲਕਿ ਸਾਰਾ ਕੁੱਝ ਨਿਯਮਾਂ ਮੁਤਾਬਕ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਨਿਲਾਮੀ ਸਮੇਂ ਪੁੱਡਾ ਵਲੋਂ ਰਿਹਾਇਸ਼ੀ ਤੇ ਵਪਾਰਕ ਬਾਰੇ ਦਸਿਆ ਹੋਇਆ ਸੀ ਤੇ ਨਾਲ ਹੀ ਪਲਾਟਾਂ ਦੇ ਨੰਬਰ ਵੀ ਲਗਾਏ ਹੋਏ ਸਨ। ਜੌਹਲ ਨੇ ਕਿਹਾ ਕਿ ਸਿਆਸੀ ਵਿਰੋਧੀ ਮਨਪ੍ਰੀਤ ਬਾਦਲ ਦੀ ਸਿਆਸੀ ਛਵੀ ਖ਼ਰਾਬ ਕਰਨ ਲਈ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ।
Share the post "ਮਨਪ੍ਰੀਤ ਬਾਦਲ ਦਾ ਪਲਾਟ ਵਿਵਾਦ: ਆਨਲਾਈਨ ਬੋਲੀ ਦੌਰਾਨ ਰਿਹਾਇਸ਼ੀ ਨਹੀਂ ਵਪਾਰਕ ਦਰਸਾਏ ਸਨ ਪਲਾਟ !"