WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਮਨਪ੍ਰੀਤ ਬਾਦਲ ਦੇ ਬਠਿੰਡਾ ਸ਼ਹਿਰ ‘ਚ ਲੱਗੇ ਵਧਾਈ ਸੰਦੇਸ਼ਾਂ ਨੇ ਮੁੜ ਛੇੜੀ ਚਰਚਾ

ਕਾਂਗਰਸੀ ਕੌਂਸਲਰਾਂ ਵਲੋਂ ਲਗਾਏ ਇੰਨਾਂ ਹੋਰਡਿੰਗਾਂ ਵਿੱਚੋਂ ਕਾਂਗਰਸੀ ਆਗੂ ਤੇ ਪੰਜਾਂ ਗਾਇਬ
ਚੋਣਾਂ ‘ਚ ਹਾਰਨ ਤੋਂ ਬਾਅਦ ਮਨਪ੍ਰੀਤ ਨੇ ਬਣਾਈ ਹੋਈ ਹੈ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,2 ਜਨਵਰੀ: ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕਾਂ ਵੱਲੋਂ ਸ਼ਹਿਰ ਵਿਚ ਲਗਾਏ ਵਧਾਈ ਸੰਦੇਸ਼ਾਂ ਦੇ ਹੋਰਡਿੰਗਾਂ ਨੇ ਮੁੜ ਚਰਚਾ ਛੇੜੀ ਹੋਈ ਹੈ। ਇੰਨਾਂ ਹੋਰਡਿੰਗਾਂ ਵਿੱਚੋਂ ਜਿੱਥੇ ਕਾਂਗਰਸੀ ਅਹੁਦੇਦਾਰਾਂ ਦੀਆਂ ਤਸਵੀਰਾਂ ਗਾਇਬ ਹਨ ਉਥੇ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾਂ’ ਵੀ ਕਿਧਰੇ ਦਿਖਾਈ ਨਹੀਂ ਦੇ ਰਿਹਾ। ਇੱਥੇ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਆਉਣ ਵਾਲੇ ਕੁਝ ਦਿਨਾਂ ਬਾਅਦ ਪੰਜਾਬ ਵਿੱਚ ਦਾਖਲ ਹੋਣ ਜਾ ਰਹੀ ਹੈ ਤੇ ਅਜਿਹੀ ਹਾਲਤ ਵਿੱਚ ਕਿਸੇ ਸਮੇਂ ਬਿਨਾਂ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੇ ਪੀਪਲਜ਼ ਪਾਰਟੀ ਦੇ ਪ੍ਰਧਾਨ ਵਜੋਂ ਪੰਜੇ ਦੇ ਚੋਣ ਨਿਸ਼ਾਨ ‘ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਣ ਵਾਲੇ ਮਨਪ੍ਰੀਤ ਬਾਦਲ, ਜਿੰਨਾ ਨੂੰ ਬਾਅਦ ਵਿਚ ਕਾਂਗਰਸ ਨੇ ਬਿਨਾਂ ਟਿਕਟ ਅਪਲਾਈ ਕੀਤਿਆਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਾਈ ਹੋਵੇ, ਦੇ ਵਧਾਈ ਸੰਦੇਸ਼ਾਂ ਵਿਚ ਕਾਂਗਰਸ ਦਾ “ਪੰਜਾਂ” ਗਾਇਬ ਹੋਣ ਦੀ ਚਰਚਾ ਚੱਲਣੀ ਸੁਭਾਵਿਕ ਹੈ।ਵੱਡੀ ਗੱਲ ਇਹ ਵੀ ਹੈ ਕਿ ਇਹ ਹੋਰਡਿੰਗ, ਜ਼ਿਆਦਾਤਰ ਉਨ੍ਹਾਂ ਕੌਂਸਲਰਾਂ ਤੇ ਆਗੂਆਂ ਵੱਲੋਂ ਲਗਾਏ ਗਏ ਹਨ ਜਿਹੜੇ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾਂ ਮਕਾਰਜਕਾਲ ਦੌਰਾਨ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦੇ ਰਹੇ ਹਨ ਪਰੰਤੂ ਬਾਅਦ ਵਿਚ ਇਹੀ ਆਗੂ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਕਾਂਗਰਸੀ ਹੋ ਗਏ ਸਨ। ਜਿਸ ਕਾਰਨ ਟਕਸਾਲੀ ਕਾਂਗਰਸੀ ਆਗੂਆਂ ਵਿੱਚ ਅੰਦਰੋਂ ਅੰਦਰੀ ਨਰਾਜ਼ਗੀ ਫ਼ੈਲ ਗਈ ਸੀ ਜੋ ਮਨਪ੍ਰੀਤ ਨੂੰ ਮਿਲੀ ਕਰਾਰੀ ਹਾਰ ਦਾ ਇੱਕ ਮੁੱਖ ਕਾਰਨ ਵੀ ਸਮਝੀ ਜਾ ਰਹੀ ਹੈ। ਮੌਜੂਦਾ ਸਮੇਂ ਦੌਰਾਨ ਜਦ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ ਸਿਆਸੀ ਤਲਵਾਰਾਂ ਖਿੱਚੀਆਂ ਹੋਈਆਂ ਹਨ ਤਾਂ ਬਠਿੰਡਾ ਦੇ ਜ਼ਿਆਦਾਤਰ ਕਾਂਗਰਸੀ ਵੀ ਦੋ ਖੇਮਿਆਂ ਵਿਚ ਵੰਡੇ ਨਜ਼ਰ ਆਉਂਦੇ ਹਨ। ਜਿੰਨਾ ਵਿੱਚ ਜਿਆਦਾਤਰ ਟਕਸਾਲੀ ਕਾਂਗਰਸੀ(ਜਿੰਨਾ ਵਿੱਚ ਕਿਸੇ ਸਮੇਂ ਮਨਪ੍ਰੀਤ ਬਾਦਲ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸਾਬਕਾ ਜਿਲਾ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ, ਕੇ ਕੇ ਅੱਗਰਵਾਲ, ਅਨਿਲ ਭੋਲਾ, ਟਹਿਲ ਸੰਧੂ, ਬਲਜਿੰਦਰ ਠੇਕੇਦਾਰ, ਹਰਵਿੰਦਰ ਸਿੰਘ ਲੱਡੂ ਆਦਿ) ਆਗੂ ਪਾਰਟੀ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਉਥੇ ਅੱਧੀ ਦਰਜਨ ਪੁਰਾਣੇ ਕਾਂਗਰਸੀਆਂ ਸਹਿਤ ਜ਼ਿਆਦਾਤਰ ਗੈਰ ਕਾਂਗਰਸੀ ਪਿਛੋਕੜ ਵਾਲੇ ਆਗੂ ਸਾਬਕਾ ਵਿੱਤ ਮੰਤਰੀ ਦੀ ਪਿੱਠ ‘ਤੇ ਖੜ੍ਹੇ ਹਨ। ਮਨਪ੍ਰੀਤ ਬਾਦਲ ਨਾਲ ਖੜ੍ਹੇ ਟਕਸਾਲੀ ਕਾਂਗਰਸੀਆਂ ਵਿਚੋਂ, ਇਕ ਵੱਡਾ ਨਾਮ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ ਦਾ ਵੀ ਹੈ, ਜਿਸ ਨੂੰ ਚੇਅਰਮੈਨੀ ਦੇ ਕਾਰਜਕਾਲ ਦੌਰਾਨ ਦਿੱਤੀਆਂ “ਅਥਾਹ ਪਾਵਰਾਂ ” ਨੂੰ ਯਾਦ ਕਰਕੇ ਬਠਿੰਡਾ ਦੇ ਕਾਂਗਰਸੀ ਅੱਜ ਵੀ ‘ਮੁਸ਼ਕੜੀਆਂ’ ਵਿਚ ਹੱਸਦੇ ਹਨ।ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਖੇਮਾ ਕਾਂਗਰਸ ਦੇ ਸੂਬਾ ਪ੍ਰਧਾਨ ਨਾਲ ਇਸ ਕਰਕੇ ਨਰਾਜ਼ ਚੱਲ ਰਿਹਾ ਹੈ ਕਿ ਸ਼ਹਿਰ ਵਿਚ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਬਲਾਕ ਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਹਾਲਾਂਕਿ ਇਹ ਨਵੇਂ ਪ੍ਰਧਾਨ ਕਾਂਗਰਸ ਸਰਕਾਰ ਦੋਰਾਨ ਮਨਪ੍ਰੀਤ ਬਾਦਲ ਦੇ ਨੇੜਲਿਆਂ ਵਿਚੋ ਇਕ ਗਿਣੇ ਜਾਂਦੇ ਰਹੇ ਹਨ। ਬਹਰਹਾਲ ਦੂਜੇ ਸੂਬਿਆਂ ਤੋਂ ਬਾਅਦ ਪੰਜਾਬ ਵਰਗੇ ਸੂਬੇ ਵਿਚ ਵੀ ਹਾਸ਼ੀਏ ‘ਤੇ ਜਾਂਦੀ ਦਿਖਾਈ ਦੇ ਰਹੀ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਹਾਈਕਮਾਂਡ ਕਦ ਧਿਆਨ ਦੇਵੇਗੀ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ ਪਰੰਤੂ ਬਠਿੰਡਾ ਦੇ ਵਿਚ ਪੈ ਰਹੀ ਕੜਾਕੇ ਦੀ ਠੰਢ ਵਿੱਚ ਸ਼ਹਿਰ ‘ਚ ਲੱਗੇ ਇੰਨਾਂ ਨਵੇਂ ਸਾਲ, ਲੋਹੜੀ ਤੇ ਮਾਘੀ ਦੇ ਵਧਾਈ ਸੰਦੇਸ਼ਾਂ ਵਾਲੇ ਹੋਰਡਿੰਗਾਂ ਨੇ ਸਿਆਸੀ ਗਰਮਾਹਟ ਜਰੂ ਪੈਦਾ ਕਰ ਦਿੱਤੀ ਹੈ।

ਬਾਕਸ

ਉਧਰ ਜਦ ਇੰਨਾਂ ਹੋਰਡਿੰਗਾਂ ਵਿੱਚੋਂ ਕਾਂਗਰਸੀ ਆਗੂਆਂ ਅਤੇ ਪੰਜਾ ਗਾਇਬ ਹੋਣ ਸਬੰਧੀ ਸ਼ਹਿਰ ਵਿਚ ਛਿੜੀ ਚਰਚਾ ਬਾਰੇ ਮਨਪ੍ਰੀਤ ਖੇਮੇ ਨਾਲ ਜੁੜੇ ਡਿਪਟੀ ਮੇਅਰ ਹਰਮਿੰਦਰ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਤਰਕ ਦਿੱਤਾ ਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਬਲਕਿ ਸ਼ਹਿਰ ਦੇ ਹਰੇਕ ਵਰਗ ਦੇ ਲੋਕਾਂ ਵੱਲੋਂ ਜਿਤਾਏ ਕੌਂਸਲਰਾਂ ਵਲੋਂ ਲਗਾਏ ਵਧਾਈ ਸੰਦੇਸ਼ ਹਨ। ਹਾਲਾਂਕਿ ਜਦ ਇੰਨਾਂ ਹੋਰਡਿੰਗਾਂ ਵਿਚ ਇਕੱਲੇ ਮਨਪ੍ਰੀਤ ਬਾਦਲ ਦੀ ਫੋਟੋ ਲਗਾਉਣ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੇ ਲੀਡਰ ਹਨ।

 

Related posts

ਡਿਪਟੀ ਕਮਿਸ਼ਨਰ ਨੇ ਅਚਨਚੇਤ ਰਾਸ਼ਨ ਡਿੱਪੂਆਂ ਦੀ ਕੀਤੀ ਚੈਕਿੰਗ,ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

punjabusernewssite

ਪਾਵਰਕਾਮ ਵੱਲੋਂ ਸਕਿਓਰਿਟੀ ਮਨੀ ਦੇ ਨੋਟਿਸ ਭੇਜਣਾ ਉਦਯੋਗਪਤੀਆਂ ਨਾਲ ਧੋਖਾ:ਮੋਹਿਤ ਗੁਪਤਾ

punjabusernewssite

ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ

punjabusernewssite