ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਉਤਰ-ਪੂਰਬੀ ਸੂਬੇ ਮਨੀਪੁਰ ਵਿਖੇ ਦੋ ਔਰਤਾਂ ਨਾਲ ਕੀਤੇ ਵਹਿਸ਼ੀਆਨਾ ਸਮੂਹਿਕ ਬਲਾਤਕਾਰ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਘਮਾਉਣ ਦੇ ਵਿਰੋਧ ’ਚ ਅੱਜ ਔਰਤ ਮੁਕਤੀ ਮੋਰਚਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਟੀਚਰਜ ਹੋਮ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ ਮਾਰਚ ਕਰਨ ਉਪਰੰਤ ਰੋਹ ਭਰਿਆ ਮਾਰਚ ਕੀਤਾ ਗਿਆ।ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਆਰਐਮਪੀਆਈ, ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ.ਯੂ ਵੱਲੋਂ ਦਿੱਤੇ ਸੱਦੇ ਤਹਿਤ ਆਯੋਜਿਤ ਇਸ ਮਾਰਚ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਕਾਮਰੇਡ ਮਹੀਪਾਲ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਮਹੀਨਿਆਂ ਤੋਂ ਹਜ਼ੂਮੀ ਹਿੰਸਾ, ਸਾੜ ਫੂਕ, ਕਤਲੇਆਮ, ਔਰਤਾਂ ਦੀ ਨਗਨ ਪਰੇਡ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਕੇਂਦਰ ਅਤੇ ਸੂਬਾ ਸਰਕਾਰਾਂ ਉਕਤ ਮਨੁੱਖੀ ਘਾਣ ਨੂੰ ਤਮਾਸ਼ਬੀਨ ਬਣ ਕੇ ਦੇਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਘੀ 3 ਮਈ ਤੋਂ ਜਾਰੀ ਇਨ੍ਹਾਂ ਦਿਲ ਹਿਲਾਊ ਵਾਰਦਾਤਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਰੇ 79 ਦਿਨ ਆਪਣਾ ਮੂੰਹ ਨਹੀਂ ਖੋਲ੍ਹਿਆ। ਇੰਨਾ ਹੀ ਨਹੀਂ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਵਲੋਂ ਮਨੀਪੁਰ ਦੇ ਹਾਲਾਤ ’ਤੇ ਚਰਚਾ ਕਰਨ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕਰਨ ’ਤੇ ਸ਼ੈਸ਼ਨ ਮੁਲਤਵੀ ਕਰ ਦਿੱਤਾ ਗਿਆ ਅਤੇ ਇਸ ਕੁਕਰਮ ਵਿਰੁੱਧ ਆਵਾਜ਼ ਉਠਾਉਣ ਵਾਲੇ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨੋਂ ਅਸਫਲ ਰਹਿਣ ਕਰਕੇ ਸੂਬੇ ਦੇ ਮੁੱਖ ਮੰਤਰੀ ਨੂੰ ਫੌਰੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰਕੂ ਤੇ ਨਸਲੀ ਹਿੰਸਾ ਨੂੰ ਸ਼ਹਿ ਦੇਣ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਖਿਲਾਫ ਵੀ ਅਜਿਹੀ ਹੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਔਰਤ ਮੁਕਤੀ ਮੋਰਚੇ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਨੇ ਕਿਹਾ ਕਿ ਮਨੀਪੁਰ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸਾਈ ਮਤ ਨੂੰ ਮੰਨਣ ਵਾਲੇ ਅਨੁਸੂਚਿਤ ਕਬੀਲੇ, ਕੁੱਕੀ ਦੇ ਲੋਕਾਂ ’ਤੇ ਨਸਲਕੁਸ਼ੀ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਭਿਆਨਕ ਹਮਲੇ ਬੰਦ ਕੀਤੇ ਜਾਣ। ਇਸ ਮੌਕੇ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਦਰਸ਼ਨ ਬਾਜਕ, ਗੁਰਮੀਤ ਸਿੰਘ ਨੰਦਗੜ੍ਹ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ ਨੇ ਵੀ ਵਿਚਾਰ ਪੇਸ਼ ਕੀਤੇ।
Share the post "ਮਨੀਪੁਰ ਦੀ ਘਟਨਾ ਵਿਰੁਧ ਖੱਬੇ ਪੱਖੀ ਜਥੇਬੰਦੀਆਂ ਨੇ ਸ਼ਹਿਰ ਵਿਚ ਕੱਢਿਆ ਰੋਸ ਮਾਰਚ"