ਕਿਹਾ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਛੱਡ ਦੇਵਾਂਗਾ ਦੇਸ਼
ਸਰਕਾਰ ਅਤੇ ਪੁਲਿਸ ਉਪਰ ਕਾਤਲਾਂ ਨੂੰ ਫ਼ੜਣ ਲਈ ਗੰਭੀਰ ਨਾ ਹੋਣ ਦੇ ਲਗਾਏ ਦੋਸ਼
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 30 ਅਕਤੂਬਰ: ਪੰਜ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਦਿਨ-ਦਿਹਾੜੇ ਗੋਲੀਆਂ ਨਾਲ ਭੰੁਨ ਕੇ ਕਤਲ ਕਰ ਦਿੱਤੇ ਗਏ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ ਹੈ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖਦਿਆਂ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਜੇਕਰ 25 ਨਵੰਬਰ ਤੱਕ ਉਸਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਦੇਸ਼ ਛੱਡ ਦੇਵੇਗਾ। ਹਰ ਐਤਵਾਰ ਦੀ ਤਰ੍ਹਾਂ ਅਪਣੀ ਰਿਹਾਇਸ਼ ’ਤੇ ਇਕੱਠੇ ਹੋਏ ਸੈਂਕੜਿਆਂ ਦੀ ਤਾਦਾਦ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਸਕਿਆ। ਬਲਕੌਰ ਸਿੰਘ ਨੇ ਦੋਸ਼ ਲਗਾਇਆ ਕਿ ਮਾਮਲੇ ਦੀ ਜਾਂਚ ਕਰਨ ਵਾਲੇ ਸੀਆਈਏ ਸਟਾਫ਼ ਦੇ ਇੰਚਾਰਜ਼ ਪਿ੍ਰਤਪਾਲ ਸਿੰਘ ਵਰਗਿਆਂ ਦੀਆਂ ਗੈਂਗਸਟਰਾਂ ਨਾਲ ਸਾਂਝਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਅਤੇ ਕੋਟੜਾ ਵਿਚ ਰਾਤਾਂ ਕੱਟ ਕੇ ਗਏ ਸਨ ਪ੍ਰੰਤੂ ਉਕਤ ਇੰਚਾਰਜ਼ ਨੇ ਪੈਸੇ ਲੈ ਕੇ ਉਨ੍ਹਾਂ ਲੋਕਾਂ ਨੂੰ ਕੇਸ ਵਿੱਚੋਂ ਬਾਹਰ ਕਰ ਦਿੱਤਾ। ਬਲਕੌਰ ਸਿੰਘ ਨੇ ਕਿਹਾ ਕਿ ਇਸਤੋਂ ਬਾਅਦ ਉਹ ਪੰਜਾਬ ਪੁਲਿਸ ਵਲੋਂ ਮਿਲੀ ਆਪਣੀ ਸੁਰੱਖਿਆ ਵੀ ਵਾਪਸ ਕਰ ਦੇਣਗੇ। ਇਸ ਦੌਰਾਨ ਉਨ੍ਹਾਂ ਅਪਣੇ ਪੁੱਤਰ ਦੇ ਕਤਲ ਕੇਸ ਵਿਚ ਸ਼ਾਮਲ ਹੋਰਨਾਂ ਵਿਅਕਤੀਆਂ ਦਾ ਵੀ ਹੱਥ ਹੋਣ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਡੀਜੀਪੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ, ਜੇਕਰ ਡੀਜੀਪੀ ਸਮਾਂ ਦਿੰਦਾ ਹੈ ਤਾਂ ਉਹ ਹੋਰ ਵੀ ਕਈ ਲੋਕਾਂ ਦੇ ਨਾਂ ਦੱਸਣਗੇ।ਮਹਰੂਮ ਗਾਇਕ ਦੇ ਪਿਤਾ ਨੇ ਗਾਇਕੀ ਦੇ ਖੇਤਰ ਵਿਚ ਵੱਡਾ ਨਾਮ ਕਮਾਉਣ ਵਾਲੇ ਅਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਸਦੇ ਹੱਕ ਵਿਚ ਨਾਅਰਾ ਨਾ ਮਾਰਨ ’ਤੇ ਪੰਜਾਬੀ ਗਾਇਕ ਇੰਡਸਟਰੀ ’ਤੇ ਵੀ ਦੁੱਖ ਜਾਹਰ ਕੀਤਾ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਅਪਣੇ ਪੁੱਤਰ ਦੀ ਮੌਤ ’ਤੇ ਹਾਲੇ ਤੱਕ ਇਨਸਾਫ਼ ਨਾ ਮਿਲਣ ’ਤੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਅਪਣੇ ਪੁੱਤ ਦੀ ਕਮਾਈ ਦਾ ਪਤਾ ਉਸਦੀ ਮੌਤ ਦੇ ਬਾਅਦ ਹੀ ਲੱਗਿਆ ਹੈ, ਜਿਸਨੇ ਪੈਸੇ ਦੀ ਬਜਾਏ ਲੋਕਾਂ ਦਾ ਪਿਆਰ ਕਮਾਇਆ ਹੈ। ਉਨ੍ਹਾਂ ਸਿੱਧੂ ਦੀ ਸੋਚ ਦਸਦਿਆਂ ਕਿਹਾ ਕਿ ਉੁਸਦੀ ਸੋਚ ਬਹੁਤ ਉੱਚੀ ਸੀ ਅਤੇ ਉਹ ਅੱਠ ਹਜਾਰ ਧਾਰਮਿਕ ਸਵਾਲਾਂ ਦੀ ਇਕ ਐਪ ਬਣਾ ਰਿਹਾ ਸੀ ਜੋ ਕਿ ਜਪੁਜੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਗਏ ਸਨ ਜਿਸਦੇ ਨਾਲ ਬੱਚਿਆਂ ਤੇ ਨੌਜਵਾਨਾਂ ਵਿਚ ਸਿੱਖੀ ਪ੍ਰਤੀ ਨਵੀਂ ਚਿਣਗ ਪੈਦਾ ਹੋਣੀ ਸੀ।
ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਸਰਕਾਰ ਨੂੰ ਅਲਟੀਮੇਟਮ
9 Views