ਤਕਨੀਕੀ ਸਿੱਖਿਆ ਮਨੁੱਖੀ ਸਰੋਤ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ: ਵੀ.ਸੀ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਦਿਆਰਥੀਆਂ ਨੂੰ ਵਿਸਵ ਪੱਧਰੀ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੇ ਨਾਲ ਨਾਲ, ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਵੱਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਧੀਆ ਪਲੇਸਮੈਂਟ ਅਤੇ ਪੜ੍ਹਾਈ ਲਈ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰੇਗੀ।ਇਹ ਦਾਅਵਾ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰਸਿੱਧ ਅਕਾਦਮਿਕ ਅਤੇ ਖੋਜਕਾਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਸਵ ਪੱਧਰੀ ਖੋਜ ਵਿਗਿਆਨੀ ਅਤੇ ਨਾਮਵਰ ਫੈਕਲਟੀ ਹੈ, ਜੋ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਵੱਖ-ਵੱਖ ਮਾਰਗਾਂ ਰਾਹੀਂ ਵਿਦੇਸਾਂ ਵਿੱਚ ਪੜ੍ਹਾਈ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਅਕਾਦਮਿਕ ਸੈਸਨ 2022-23 ਲਈ ਦਾਖਲਾ ਇੰਜੀਨੀਅਰਿੰਗ, ਆਰਕੀਟੈਕਚਰ ਅਤੇ ਯੋਜਨਾ, ਵਣਜ ਅਤੇ ਪ੍ਰਬੰਧਨ, ਫਾਰਮੇਸੀ, ਫੂਡ ਸਾਇੰਸ ਅਤੇ ਤਕਨਾਲੋਜੀ, ਖੇਤੀਬਾੜੀ, ਐਰੋਨਾਟਿਕਲ, ਏਰੋਸਪੇਸ, ਕੰਪਿਊਟੇਸਨਲ ਸਾਇੰਸਜ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਹੁਨਰ ਵਿਕਾਸ ਲਈ ਖੁੱਲ੍ਹੇ ਹਨ। ਅਕਾਦਮਿਕ ਸੈਸਨ ਤੋਂ ਸੁਰੂ ਕੀਤੇ ਗਏ ਨਵੇਂ ਕੋਰਸਾਂ ਵਿੱਚ ਉਭਰਦੀਆਂ ਤਕਨੀਕਾਂ ਜਿਵੇਂ ਕਿ ਡੇਟਾ ਸਾਇੰਸ, ਬਲਾਕਚੈਨ, ਪ੍ਰੋਗਰਾਮਿੰਗ ਭਾਸਾਵਾਂ, ਸਾਈਬਰ ਕ੍ਰਾਈਮ, ਮਸੀਨ ਲਰਨਿੰਗ, ਪੇਟੈਂਟ ਅਤੇ ਆਈਪੀਆਰ, ਬਿਜਨਸ ਇੰਟੈਲੀਜੈਂਸ ਅਤੇ ਹੋਰ ਬਹੁਤ ਸਾਰੇ ਆਨਲਾਈਨ ਪ੍ਰਮਾਣਿਤ ਕੋਰਸ ਸਾਮਲ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਐਮਆਰਐਸ-ਪੀਟੀਯੂ ਟਰੈਵਲ ਏਜੰਟਾਂ ਦੇ ਸੋਸਣ ਤੋਂ ਬਚਾਉਣ ਲਈ ਇੱਕ ਵਿਲੱਖਣ “ਇੱਥੇ ਦਾਖਲਾ ਲਓ, ਵਿਦੇਸ ਪੜ੍ਹੋ“ ਪਾਥਵੇ ਪ੍ਰੋਗਰਾਮ ਪ੍ਰਦਾਨ ਕਰਦਾ ਹੈ। ਇਹ ਸਕੀਮ ਵਿਦੇਸਾਂ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਆਪਣੇ ਮਜਬੂਤ ਅੰਤਰਰਾਸਟਰੀ ਵਟਾਂਦਰਾ ਪ੍ਰੋਗਰਾਮ ਦੇ ਤਹਿਤ, ਯੂਨੀਵਰਸਿਟੀ ਨੇ ਵੇਨ ਸਟੇਟ ਯੂਨੀਵਰਸਿਟੀ (ਯੂਐਸਏ), ਥੌਮਸਨ ਰਿਵਰਜ ਯੂਨੀਵਰਸਿਟੀ (ਕੈਨੇਡਾ), ਸਿਨਰਜੀ ਯੂਨੀਵਰਸਿਟੀ (ਰੂਸ), ਯੂਨੀਵਰਸਿਟੀ ਕੈਨੇਡਾ ਵੈਸਟ, ਵੈਨਕੂਵਰ (ਕੈਨੇਡਾ), ਐਡਮੰਟਨ ਦੀ ਕੋਨਕੋਰਡੀਆ ਯੂਨੀਵਰਸਿਟੀ ( ਕੈਨੇਡਾ), ਵੈਨਕੂਵਰ ਆਈਲੈਂਡ ਯੂਨੀਵਰਸਿਟੀ (ਕੈਨੇਡਾ), ਸਿਨਰਜੀ ਯੂਨੀਵਰਸਿਟੀ (ਰੂਸ), (ਫਰਾਂਸ) ਅਤੇ ਕ੍ਰੈਡਿਟ ਟ੍ਰਾਂਸਫਰ ਅਧਿਐਨ ਲਈ ਹੋਰ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਹਨ, ਜੋ ਕਿ ਵਿਦੇਸਾਂ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਦਰਵਾਜੇ ਖੋਲ੍ਹਣ ਦਾ ਰਾਹ ਪੱਧਰਾ ਕਰਦੇ ਹਨ।ਐਮਆਰਐਸ-ਪੀਟੀਯੂ ਅਤੇ ਵੇਨ ਸਟੇਟ ਯੂਨੀਵਰਸਿਟੀ (ਡਬਲਯੂਐਸਯੂ), ਪ੍ਰੋ. ਸਿੱਧੂ ਨੇ ਐਮਆਰਐਸ-ਪੀਟੀਯੂ ਵਿੱਚ ਸਹਿਯੋਗੀ ਪਾਥਵੇਅ ਸਿੱਖਿਆ ਪ੍ਰੋਗਰਾਮਾਂ ਬਾਰੇ ਵੇਰਵੇ ਦਿੰਦੇ ਹੋਏ ਕਿਹਾ ਕਿ ਇੱਕ ਵਿਦਿਆਰਥੀ ਐਮਆਰਐਸ-ਪੀਟੀਯੂ ਵਿੱਚ ਤਿੰਨ ਸਾਲਾਂ ਤੱਕ ਪੜ੍ਹਾਈ ਕਰੇਗਾ ਅਤੇ ਚੌਥੇ ਸਾਲ ਵੇਨ ਸਟੇਟ ਯੂਨੀਵਰਸਿਟੀ ਵਿਖੇ 4 ਸਾਲ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਵੇਨ ਸਟੇਟ ਯੂਨੀਵਰਸਿਟੀ ਤੋਂ ਬੀ.ਟੈਕ ਦੀ ਡਿਗਰੀ ਮਿਲੇਗੀ। ਜਦੋਂ ਕਿ 3 ਪਲੱਸ 2 ਪ੍ਰੋਗਰਾਮ ਅਧੀਨ ਚੌਥੇ ਅਤੇ ਪੰਜਵੇਂ ਸਾਲ ਦਾ ਅਧਿਐਨ ਵੇਨ ਸਟੇਟ ਯੂਨੀਵਰਸਿਟੀ ਵਿਖੇ ਕਰੇਗਾ। ਇਸ 5 ਸਾਲਾ ਪ੍ਰੋਗਰਾਮ ਤਹਿਤ ਦੋਵੇਂ ਬੀ.ਟੈਕ. ਅਤੇ ਮਾਸਟਰ ਡਿਗਰੀਆਂ ਵੇਨ ਸਟੇਟ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।
ਏਮਜ ਅਤੇ ਐਮਆਰਐਸਪੀਟੀਯੂ ਨੇ ਨਵੀਂ ਅਕਾਦਮਿਕ ਭਾਈਵਾਲੀ ਨੂੰ ਉਤਸਾਹਿਤ ਕਰਨ ਲਈ ਸਮਝੌਤਾ ਕੀਤਾ:- ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮਆਰਐਸ-ਪੀਟੀਯੂ), ਬਠਿੰਡਾ ਨੇ ਨਵੀਂ ਅਕਾਦਮਿਕ ਨੂੰ ਉਤਸਾਹਿਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ), ਬਠਿੰਡਾ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਭਾਈਵਾਲੀ ਤਹਿਤ ਹਸਪਤਾਲਾਂ ਦੇ ਸਿਹਤ ਸੰਭਾਲ ਅਤੇ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਅਕਾਦਮਿਕ ਸੈਸਨ (2022-23) ਤੋਂ ਐਮ.ਬੀ.ਏ. – ਹਸਪਤਾਲ ਪ੍ਰਸਾਸਨ ਦੀ ਸੁਰੂਆਤ ਕੀਤੀ ਗਈ ਹੈ। ਐਮ.ਓ.ਯੂ. ਦਾ ਉਦੇਸ ਮੈਡੀਕਲ ਸਾਇੰਸਜ, ਹਸਪਤਾਲ ਪ੍ਰਸਾਸਨ, ਵਿਸਲੇਸਣ, ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਵਿਆਪਕ ਖੇਤਰ ਵਿੱਚ ਦੋਵਾਂ ਵੱਕਾਰੀ ਸੰਸਥਾਵਾਂ ਦਰਮਿਆਨ ਸਾਂਝੀ ਲੋੜ ਅਧਾਰਿਤ ਅਕਾਦਮਿਕ, ਵਿਗਿਆਨਕ ਅਤੇ ਖੋਜ ਪ੍ਰੋਗਰਾਮਾਂ ਦੇ ਸਹਿਯੋਗ ਦੀ ਸੁਰੂਆਤ ਕਰਨਾ ਹੈ।
ਡਾ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਐਮਆਰਐਸ-ਪੀਟੀਯੂ ਨੇ ਸੁਰੂਆਤੀ ਸਮੂਹ ਵਿੱਚ ਅਟਲ ਰੈਂਕਿੰਗ ਆਫ ਇੰਸਟੀਚਿਊਸਨਜ ਆਨ ਇਨੋਵੇਸਨ ਅਚੀਵਮੈਂਟਸ (ਏਆਰਆਈਆਈਏ) ਵਿੱਚ ਪੂਰੇ ਭਾਰਤ ਵਿੱਚ ਚੌਥਾ ਰੈਂਕ ਅਤੇ ਸਮੁੱਚੇ ਤੌਰ ‘ਤੇ 62ਵਾਂ ਰੈਂਕ ਪ੍ਰਾਪਤ ਕੀਤਾ, ਜੋ ਕਿ ਸੰਸਥਾ ਲਈ ਇੱਕ ਮਾਣ ਵਾਲੀ ਗੱਲ ਹੈ। ਐਮ.ਆਰ.ਐਸ.-ਪੀ.ਟੀ.ਯੂ. ਨੌਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਤੇਜ ਕਰਨ ਲਈ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਸਾਇੰਸਜ ਨੂੰ ਹੁਲਾਰਾ ਦੇਣ ‘ਤੇ ਵੀ ਧਿਆਨ ਕੇਂਦਰਤ ਕਰਦਾ ਹੈ। ਐਮ.ਆਰ.ਐਸ.-ਪੀ.ਟੀ.ਯੂ.ਕੋਲ ਖੋਜ ਦੇ ਉਦੇਸਾਂ ਲਈ ਸਟੇਟ ਆਫ ਦਾ ਆਰਟ, ਫੂਡ ਟੈਸਟਿੰਗ ਲੈਬਾਰਟਰੀ ਅਤੇ (ਆਈਡੀਆ ਵਿਕਾਸ, ਮੁਲਾਂਕਣ ਅਤੇ ਐਪਲੀਕੇਸਨ) ਲੈਬ ਵੀ ਹੈ।ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ, ਡੀਨ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ, ਡਾ: ਮਨਜੀਤ ਬਾਂਸਲ, ਡਾਇਰੈਕਟਰ, ਲੋਕ ਸੰਪਰਕ, ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ, ਸ੍ਰੀ ਹਰਜੋਤ ਸਿੰਘ ਸਿੱਧੂ ਵੀ ਇਸ ਮੌਕੇ ਹਾਜਰ ਸਨ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਨਾਅਰਾ: “ਇੱਥੇ ਦਾਖਲਾ ਲਓ, ਵਿਦੇਸ ਪੜੋਂ’’"